ਟੇਰਾਂਟੋ – ਜਦੋਂ ਦੇਸ਼ਾਂ ਦਾ ਆਪਸ ‘ਚ ਕਿਸੇ ਗੱਲੋਂ ਟਕਰਾਅ ਪੈਦਾ ਹੋ ਜਾਵੇ ਅਤੇ ਮਾਮਲਾ ਦੇਸ਼ ਦੀ ਪ੍ਰਭੂ ਸਤਾ ਅਤੇ ਮਾਨ ਸਨਮਾਨ ਦਾ ਹੋਵੇ ਤਾਂ ਦੇਸ਼ ਦੀ ਸਾਰੀਆਂ ਪਾਰਟੀਆਂ ਦੇ ਆਗੂ ਵਾਪਸ ‘ਚ ਤੇ ਸਿਆਸੀ ਮਤਭੇਦ ਹੋਣ ਦੇ ਬਾਵਜੂਦ ਵੀ ਆਪਣੇ ਦੇਸ਼ ਦੇ ਹੱਕ ਵਿੱਚ ਇੱਕਜੁੱਟ ਹੋ ਕੇ ਆਵਾਜ਼ ਉਠਾਉਂਦੇ ਹਨ ਅਤੇ ਆਪਣੇ ਦੇਸ਼ ਦੇ ਹਿੱਤਾਂ ਦੀ ਖਾਤਰ ਆਪਣਾ ਇੱਕ ਸਾਂਝਾ ਸਟੈਂਡ ਰੱਖਦੇ ਹਨ ।
ਪਰ ਕੈਨੇਡਾ ਅਤੇ ਭਾਰਤ ਦਰਮਿਆਨ ਪੈਦਾ ਹੋਏ ਤਾਜ਼ਾ ਟਕਰਾਅ ਦੌਰਾਨ ਜਿਸ ਤਰ੍ਹਾਂ ਕੈਨੇਡਾ ਦੀ ਵਿਰੋਧੀ ਧਿਰ ਪਾਰਟੀ ਦੇ ਆਗੂ ਪੀਅਰ ਪੋਲੀਏਵਰ ਕੇਵਲ ਮਲਵੀ ਜਹੀ ਜ਼ੁਬਾਨ ਵਿੱਚ ਕੈਨੇਡਾ ਦੇ ਪ੍ਰਧਾਨ ਮੰਤਰੀ ਦਾ ਵਿਦੇਸ਼ੀ ਦਖਲ ਅੰਦਾਜ਼ੀ ਦੇ ਮਾਮਲੇ ‘ਚ ਸਮਰਥਨ ਕਰ ਰਹੇ ਹਨ, ਪਰ ਨਾਲ ਨਾਲ ਉਹ ਸਿਆਸਤ ਕਰਦਿਆਂ ਹੋਇਆ ਆਪਣੇ ਹੀ ਦੇਸ਼ ਦੇ ਪ੍ਰਧਾਨ ਮੰਤਰੀ ਦੀਆਂ ਇਸ ਅਹਿਮ ਅੰਤਰਰਾਸ਼ਟਰੀ ਮਾਮਲੇ ਵਿੱਚ ਲੱਤਾਂ ਖਿੱਚੀ ਜਾ ਰਹੇ ਹਨ, ਬਿਨਾਂ ਇਸ ਗੱਲ ਦੀ ਪਰਵਾਹ ਕੀਤਿਆਂ ਕਿ ਸਾਹਮਣੇ ਵਾਲੇ ਮੁਲਕ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਉਹਨਾਂ ਦੇ ਮੁਲਕ ਖਿਲਾਫ ਇੱਕਜੁੱਟ ਹੋ ਕੇ ਗੱਲਬਾਤ ਕਰ ਰਹੀਆਂ ਹਨ।
ਦਰਅਸਲ ਬੀਤੇ ਦਿਨ ਜਦੋਂ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਅੰਤਰਰਾਸ਼ਟਰੀ ਵਿਦੇਸ਼ੀ ਦਖਲਅੰਦਾਜੀ ਦੀ ਜਾਂਚ ਕਰ ਰਹੇ ਕਮਿਸ਼ਨ ਦੇ ਸਾਹਮਣੇ ਆਪਣਾ ਪੱਖ ਰੱਖਦੇ ਹਨ ਤਾਂ ਉਹ ਦੱਸਦੇ ਹਨ ਕਿ ਪ੍ਰਧਾਨ ਮੰਤਰੀ ਵਜੋਂ ਉਹਨਾਂ ਕੋਲ ਇਸ ਗੱਲ ਦੀ ਖੁਫ਼ੀਆ ਜਾਣਕਾਰੀ ਹੈ ਕਿ ਕੰਜਰਵੇਟਿਵ ਪਾਰਟੀ ਦੇ ਕੁਝ ਆਗੂ ਅਤੇ ਮੈਂਬਰਾਂ ਦੀ ਵਿਦੇਸ਼ੀ ਦਖਲ ਅੰਦਾਜੀ ਵਿੱਚ ਸ਼ੱਕੀ ਭੂਮਿਕਾ ਰਹੀ ਹੈ ਮਤੇ ਉਹਨਾਂ ਦੇ ਵਾਰ-ਵਾਰ ਕਹਿਣ ਦੇ ਬਾਵਜੂਦ ਪੀਅਰ ਪੋਲੀਏਵਰ ਕਲੀਅਰੈਂਸ ਲੈ ਕੇ ਆਪਣੇ ਪਾਰਟੀ ਦੇ ਇਹਨਾਂ ਆਗੂਆਂ ਦੀ ਜਾਣਕਾਰੀ ਲੈਣ ਲਈ ਤਿਆਰ ਨਹੀਂ ਹੋਏ ।
ਸਗੋਂ ਕੰਜ਼ਰਟਿਵ ਪਾਰਟੀ ਦੇ ਆਗੂ ਪੀਅਰ ਪੋਲੀਓਵਰ ਪ੍ਰਧਾਨ ਮੰਤਰੀ ਨੂੰ ਕਹਿ ਰਹੇ ਹਨ ਕਿ ਉਹ ਉਕਤ ਨਾਮ ਕੈਨੇਡਾ ਦੀ ਜਨਤਾ ਸਾਹਮਣੇ ਜਨਤਕ ਕਿਉਂ ਨਹੀਂ ਕਰ ਦਿੰਦੇ ਜਦੋਂ ਕਿ ਉਹ ਇਹ ਗੱਲ ਭਲੀਭਾਨ ਜਾਣਦੇ ਹਨ ਕਿ ਜਦੋਂ ਤੱਕ ਦੇਸ਼ ਦੀ ਸੁਰੱਖਿਆ ਏਜੰਸੀ ਕਿਸੇ ਜਾਂਚ ਦੇ ਵਿਸ਼ੇਸ਼ ਪੜਾਅ ਤੱਕ ਨਹੀਂ ਪਹੁੰਚਦੀ ਉਦੋਂ ਤੱਕ ਉਹਨਾਂ ਨਾਵਾਂ ਨੂੰ ਜਨਤਕ ਕਰਨ ਦੇ ਨਾਲ ਸੁਰੱਖਿਆ ਏਜੰਸੀ ਦੀ ਜਾਂਚ ਪ੍ਰਭਾਵਿਤ ਹੋ ਸਕਦੀ ਹੈ ਅਤੇ ਉਕਤ ਨਾਂ ਪਬਲਿਕ ਵਿੱਚ ਕਦੋਂ ਜਾਰੀ ਕਰਨੇ ਹਨ ਇਹ ਬਿਲਕੁਲ ਜਾਂਚ ਏਜੰਸੀ ‘ਤੇ ਹੀ ਨਿਰਭਰ ਕਰਦਾ ਹੈ।
ਸੋ ਵੱਡਾ ਸਵਾਲ ਪੈਦਾ ਹੁੰਦਾ ਹੈ ਕਿ ਕੰਜਰਵੇਟਿਵ ਆਗੂ ਪੀਅਰ ਪੋਲੀਐਵਰ ਆਖਰ ਕਲੀਅਰੈਂਸ ਲੈ ਕੇ ਆਪਣੇ ਪਾਰਟੀਆਂ ਦੇ ਉਹਨਾਂ ਆਗੂਆਂ ਦੇ ਨਾਮ ਕਿਉਂ ਨਹੀਂ ਜਾਨਣਾ ਚਾਹੁੰਦੇ ਜਿਨਾਂ ਦੀ ਭੂਮਿਕਾ ਜਾਂਚ ਏਜੰਸੀਆਂ ਅਨੁਸਾਰ ਵਿਦੇਸ਼ੀ ਦਖਲ ਅੰਦਾਜ਼ੀ ਦੇ ਮਾਮਲੇ ‘ਚ ਸ਼ੱਕੀ ਰਹੀ ਹੈ।
ਦੱਸਣ ਯੋਗ ਹੈ ਕਿ ਕਲੀਰੈਂਸ ਲੈਣ ਤੋਂ ਭਾਵ ਇਹ ਹੈ ਕਿ ਕੋਈ ਵੀ ਦੇਸ਼ ਦਾ ਜਿੰਮੇਵਾਰ ਆਗੂ ਅਫਸਰ ਦੇਸ਼ ਦੇ ਸੰਵੇਦਨਸ਼ੀਲ ਮਾਮਲਿਆਂ ਨਾਲ ਸੰਬੰਧਿਤ ਖੁਫੀਆ ਜਾਣਕਾਰੀ ਲੈ ਤਾਂ ਸਕਦਾ ਹੈ ਪਰ ਇਸ ਜਾਣਕਾਰੀ ਨੂੰ ਗੁਪਤ ਰੱਖਣ ਵਾਸਤੇ ਪਹਿਲਾਂ ਉਸ ਨੂੰ ਸਹੁੰ ਖਾਣੀ ਪੈਂਦੀ ਹੈ ਪਰ ਕੰਜਰਵੇਟਿਵ ਆਗੂ ਆਖਿਰਕਾਰ ਇਹ ਸਹੁੰ ਕਿਉਂ ਨਹੀਂ ਚੁੱਕਣਾ ਚਾਹੁੰਦੇ ਅਤੇ ਆਪਣੇ ਉਕਤ ਆਗੂਆਂ ਦੇ ਨਾਮ ਕਿਉਂ ਨਹੀਂ ਜਾਨਣਾ ਚਾਹੁੰਦੇ, ਇਹ ਇੱਕ ਵੱਡਾ ਸਵਾਲ ਹੈ,
ਦੂਜੇ ਪਾਸੇ ਇਹ ਜਾਣਦਿਆਂ ਹੋਇਆਂ ਵੀ ਕਿ ਕੋਈ ਵੀ ਜਾਂਚ ਏਜੰਸੀਆਂ ਤੋਂ ਇਲਾਵਾ ਇਹਨਾਂ ਨਾਵਾਂ ਨੂੰ ਜਨਤਕ ਨਹੀਂ ਕਰ ਸਕਦਾ ਫਿਰ ਵੀ ਵਾਰ ਵਾਰ ਉਹ ਲਿਬਰਲ ਸਰਕਾਰ ਨੂੰ ਜਾਂ ਪ੍ਰਧਾਨ ਮੰਤਰੀ ਨੂੰ ਇਹਨਾਂ ਨਾਵਾਂ ਨੂੰ ਜਨਤਕ ਕਰਨ ਦਾ ਰੌਲਾ ਕਿਉਂ ਪਾ ਰਹੇ ਹਨ?
ਦੱਸਣ ਯੋਗ ਹੈ ਕਿ ਕੈਨੇਡਾ ‘ਚ ਫੈਡਰਲ ਚੋਣਾਂ ਦੌਰਾਨ ਰੂਸ,ਭਾਰਤ ਅਤੇ ਚੀਨ ਵੱਲੋਂ ਕਥਿਤ ਤੌਰ ‘ਤੇ ਕੀਤੀ ਗਈ ਦਖ਼ਲਅੰਦਾਜ਼ੀ ਅਤੇ ਹੁਣ ਭਾਰਤ ਨਾਲ ਤਾਜ਼ਾ ਉੱਠੇ ਵਿਵਾਦ ਦੌਰਾਨ ਕੈਨੇਡਾ ਦੇ ਵਿੱਚ ਹਿੰਸਕ ਕਾਰਵਾਈਆਂ ਨੂੰ ਬੜਾਵਾ ਦੇਣ ਵਿੱਚ ਭਾਰਤੀ ਕੂਟਨੀਤਕਾਂ ਦੀ ਸ਼ੱਕੀ ਭੂਮਿਕਾ ਦੀ ਜਾਣਕਾਰੀ ਸਾਹਮਣੇ ਆਉਣ ਤੋਂ ਬਾਅਦ ਇਹ ਮੰਗ ਹੁਣ ਜੋ ਫੜ ਰਹੀ ਹੈ ਕਿ ਕੈਨੇਡਾ ਦੇ ਉਨਾਂ ਸਾਰੇ ਸਿਆਸੀ ਆਗੂਆਂ ਦੇ ਨਾਮ ਲੋਕਾਂ ਦੇ ਸਾਹਮਣੇ ਆਉਣੇ ਚਾਹੀਦੇ ਹਨ ਜਿਨਾਂ ਨੇ ਉਕਤ ਵਰਤਾਰੇ ਵਿੱਚ ਵਿਦੇਸ਼ੀ ਸਰਕਾਰਾਂ ਦਾ ਸਾਥ ਦਿੱਤਾ ਸੀ।
(ਗੁਰਮੁੱਖ ਸਿੰਘ ਬਾਰੀਆ)