ਨਵੀਂ ਦਿੱਲੀ : ਅਫ਼ਗਾਨਿਸਤਾਨ ’ਤੇ ਜ਼ਬਰਦਸਤੀ ਕਬਜ਼ਾ ਕਰਨ ਵਾਲੇ ਤਾਲਿਬਾਨ ਦਾ ਅਸਲੀ ਚਿਹਰਾ ਹੌਲੀ-ਹੌਲੀ ਸਾਹਮਣੇ ਆਉਣ ਲੱਗਾ ਹੈ। ਤਾਲਿਬਾਨੀ ਅੱਤਵਾਦੀਆਂ ਨੇ ਕੰਧਾਰ ਤੇ ਹੇਰਾਤ ’ਚ ਭਾਰਤ ਦੇ ਵਣਜ ਦੂਤਘਰਾਂ ’ਤੇ ਹਮਲਾ ਕੀਤਾ ਤੇ ਉੱਥੋਂ ਅਹਿਮ ਦਸਤਾਵੇਜ਼ ਤੇ ਕਈ ਵਾਹਨ ਵੀ ਲੈ ਗਏ ਹਨ। ਭਾਰਤ ਨੇ ਇਨ੍ਹਾਂ ਦੂੁਤਘਰਾਂ ਤੋਂ ਪਹਿਲਾਂ ਹੀ ਆਪਣੇ ਸਟਾਫ ਨੂੰ ਕੱਢ ਲਿਆ ਹੈ। ਕਈ ਹੋਰ ਦੇਸ਼ਾਂ ਦੇ ਦੂਤਘਰਾਂ ਦੀ ਤਲਾਸ਼ੀ ਲੈਣ ਦੀ ਗੱਲ ਵੀ ਸਾਹਮਣੇ ਆ ਰਹੀ ਹੈ। ਇਹੀ ਨਹੀਂ, ਤਾਲਿਬਾਨੀ ਅੱਤਵਾਦੀਆਂ ਨੇ ਘੱਟ ਗਿਣਤੀ ਹਜ਼ਾਰਾ ਫ਼ਿਰਕੇ (ਸ਼ੀਆ) ਦੇ ਨੌਂ ਲੋਕਾਂ ਦੀ ਵੀ ਹੱਤਿਆ ਕਰ ਦਿੱਤੀ ਹੈ। ਇਨ੍ਹਾਂ ’ਚ ਤਿੰਨ ਲੋਕਾਂ ਨੂੰ ਤਾਂ ਤਸੀਹੇ ਦੇ ਕੇ ਮਾਰਿਆ ਗਿਆ ਹੈ।
ਤਾਲਿਬਾਨ ਦੇ ਬੁਲਾਰੇ ਸੁਹੈਲ ਸ਼ਾਹੀਨ ਨੇ ਦੋ ਦਿਨ ਪਹਿਲਾਂ ਹੀ ਕਿਹਾ ਸੀ ਕਿ ਕਿਸੇ ਵੀ ਦੇਸ਼ ਦੇ ਦੂਤਘਰ ਜਾਂ ਉਸ ਦੇ ਮੁਲਾਜ਼ਮਾਂ ਨੂੰ ਨਿਸ਼ਾਨਾ ਨਹੀਂ ਬਣਾਇਆ ਜਾਵੇਗਾ। ਮੀਡੀਆ ਰਿਪੋਰਟ ਮੁਤਾਬਕ, ਤਾਲਿਬਾਨ ਨੇ ਭਾਰਤ ਕੋਲ ਸੰਦੇਸ਼ ਵੀ ਭਿਜਵਾਇਆ ਸੀ ਕਿ ਉਹ ਆਪਣੇ ਦੂੁਤਘਰਾਂ ਨੂੰ ਬੰਦ ਨਾ ਕਰੇ। ਅਫ਼ਗਾਨਿਸਤਾਨ ’ਤੇ ਕਬਜ਼ੇ ਦੇ ਦੋ ਦਿਨ ਬਾਅਦ ਪਹਿਲੇ ਪੱਤਰਕਾਰ ਸੰਮੇਲਨ ’ਚ ਤਾਲਿਬਾਨ ਨੇ ਦੁਨੀਆ ਦੀਆਂ ਨਜ਼ਰਾਂ ’ਚ ਆਪਣਾ ਬਦਲਿਆ ਅਕਸ ਵੀ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਸੀ। ਔਰਤਾਂ ਸਮੇਤ ਕਿਸੇ ਖ਼ਿਲਾਫ਼ ਵੀ ਬਦਲੇ ਦੀ ਭਾਵਨਾ ਨਾਲ ਕੰਮ ਨਾ ਕਰਨ ਦਾ ਭਰੋਸਾ ਦਿੱਤਾ ਸੀ।