ਜੈਪੁਰ- ਕਾਂਗਰਸ ਪਾਰਟੀ ਨੇ ਰਾਜਸਥਾਨ ਦੀਆਂ ਜ਼ਿਮਨੀ ਚੋਣਾਂ ਦੀਆਂ ਸੱਤ ਵਿਧਾਨ ਸਭਾ ਸੀਟਾਂ ਲਈ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਬੁੱਧਵਾਰ ਦੇਰ ਜਾਰੀ ਕੀਤੀ ਗਈ ਸੂਚੀ ਅਨੁਸਾਰ ਪਾਰਟੀ ਨੇ ਝੁੰਝਨੂ ਤੋਂ ਕਾਂਗਰਸ ਦੇ ਮੌਜੂਦਾ ਸੰਸਦ ਮੈਂਬਰ ਬ੍ਰਿਜੇਂਦਰ ਓਲਾ ਦੇ ਪੁੱਤਰ ਅਮਿਤ ਓਲਾ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਹੈ। ਜਦੋਂ ਕਿ ਜ਼ੁਬੈਰ ਖਾਨ ਦੀ ਮੌਤ ਤੋਂ ਬਾਅਦ ਖਾਲੀ ਹੋਈ ਰਾਮਗੜ੍ਹ ਸੀਟ ਤੋਂ ਉਸਦੇ ਪੁੱਤਰ ਆਰਿਆਨ ਖਾਨ ਨੂੰ ਟਿਕਟ ਦਿੱਤੀ ਗਈ ਹੈ। ਦੌਸਾ ਤੋਂ ਪਾਰਟੀ ਨੇ ਦੀਨਦਿਆਲ ਬੈਰਵਾ ਨੂੰ ਉਮੀਦਵਾਰ ਐਲਾਨਿਆ ਹੈ।
ਇਸੇ ਤਰ੍ਹਾਂ ਕਸਤੂਰ ਚੰਦ ਮੀਨਾ, ਰਤਨ ਚੌਧਰੀ, ਮਹੇਸ਼ ਰੋਤ ਅਤੇ ਰੇਸ਼ਮਾ ਮੀਨਾ ਨੂੰ ਕ੍ਰਮਵਾਰ ਦਿਓਲੀ-ਉਨਿਆੜਾ, ਖਿਨਵਸਰ, ਚੁਰਾਸੀ ਅਤੇ ਸਲੂੰਬਰ ਤੋਂ ਚੋਣ ਮੈਦਾਨ ਵਿਚ ਉਤਾਰਿਆ ਗਿਆ ਹੈ। ਕਾਂਗਰਸ ਨੇ ਲੋਕ ਸਭਾ ਚੋਣਾਂ ਦੇ ਉਲਟ ਜ਼ਿਮਨੀ ਚੋਣਾਂ ਲਈ ਕਿਸੇ ਵੀ ਖੇਤਰੀ ਪਾਰਟੀ ਨਾਲ ਗਠਜੋੜ ਨਹੀਂ ਕੀਤਾ ਹੈ।ਉਧਰ ਭਾਜਪਾ ਨੇ ਸੱਤ ਵਿੱਚੋਂ ਛੇ ਸੀਟਾਂ ਲਈ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਸੱਤ ਵਿਧਾਨ ਸਭਾ ਸੀਟਾਂ- ਝੁੰਝੁਨੂ, ਦੌਸਾ, ਦਿਓਲੀ-ਉਨਿਆਰਾ, ਖਿਨਵਸਰ, ਚੁਰਾਸੀ, ਸਲੁੰਬਰ ਅਤੇ ਰਾਮਗੜ੍ਹ ਲਈ ਵੋਟਾਂ 13 ਨਵੰਬਰ ਨੂੰ ਪੈਣਗੀਆਂ ਅਤੇ ਨਤੀਜੇ 23 ਨਵੰਬਰ ਨੂੰ ਐਲਾਨੇ ਜਾਣਗੇ।