ਪਾਕਿਸਤਾਨ ‘ਚ ਅੱਤਵਾਦੀ ਹਮਲਾ, 10 ਫਰੰਟੀਅਰ ਪੁਲਿਸ ਵਾਲਿਆਂ ਦੀ ਮੌਤ

ਪਾਕਿਸਤਾਨ – ਪਾਕਿਸਤਾਨ ‘ਚ ਤਾਲਿਬਾਨ ਦੀ ਵਧਦੀ ਹਿੰਸਾ ਦੇ ਵਿਚਕਾਰ ਅੱਤਵਾਦੀਆਂ ਨੇ ਇਕ ਵਾਰ ਫਿਰ ਪੁਲਿਸ ਕਰਮਚਾਰੀਆਂ ਨੂੰ ਨਿਸ਼ਾਨਾ ਬਣਾਇਆ ਹੈ। ਸ਼ੁੱਕਰਵਾਰ ਨੂੰ ਅਫ਼ਗਾਨ ਸਰਹੱਦ ਦੇ ਨੇੜੇ 10 ਪੁਲਿਸ ਕਰਮਚਾਰੀਆਂ ਦੀ ਗੋਲ਼ੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਸੱਤ ਹੋਰ ਜਵਾਨ ਜ਼ਖ਼ਮੀ ਹੋਏ ਹਨ।ਇਸਲਾਮਿਕ ਅੱਤਵਾਦੀ ਸਮੂਹ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀਟੀਪੀ) ਨੇ ਵੀਰਵਾਰ ਦੇ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਇਹ ਹਮਲਾ ਉਦੋਂ ਹੋਇਆ ਹੈ ਜਦੋਂ ਪਾਕਿਸਤਾਨ ਆਪਣੇ ਉੱਤਰ-ਪੱਛਮ ਵਿਚ ਅੱਤਵਾਦੀ ਹਮਲਿਆਂ ਦੇ ਨਾਲ-ਨਾਲ ਦੱਖਣ ਵਿਚ ਨਸਲੀ ਵੱਖਵਾਦੀ ਵਿਦਰੋਹ ਦੇ ਪੁਨਰ-ਉਭਾਰ ਨਾਲ ਜੂਝ ਰਿਹਾ ਹੈ।

ਨਾਮ ਗੁਪਤ ਰੱਖਣ ਦੀ ਸ਼ਰਤ ‘ਤੇ ਹਮਲੇ ਦੀ ਪੁਸ਼ਟੀ ਕਰਦਿਆਂ ਤਿੰਨ ਸੀਨੀਅਰ ਪੁਲਿਸ ਸੂਤਰਾਂ ਨੇ ਦੱਸਿਆ ਕਿ ਅੱਤਵਾਦੀਆਂ ਦੇ ਇੱਕ ਵੱਡੇ ਸਮੂਹ ਨੇ ਚੌਕੀ ‘ਤੇ ਹਮਲਾ ਕੀਤਾ ਅਤੇ ਫਰੰਟੀਅਰ ਕਾਂਸਟੇਬੁਲਰੀ ਸੁਰੱਖਿਆ ਬਲ ਦੇ ਮੈਂਬਰਾਂ ਨੂੰ ਮਾਰ ਦਿੱਤਾ।

ਉੱਤਰ-ਪੱਛਮੀ ਸੂਬੇ ਖੈਬਰ ਪਖਤੂਨਖਵਾ ਦੇ ਮੁੱਖ ਮੰਤਰੀ ਅਲੀ ਅਮੀਨ ਖ਼ਾਨ ਗੰਡਾਪੁਰ ਨੇ ਸ਼ੁੱਕਰਵਾਰ ਨੂੰ ਇੱਕ ਬਿਆਨ ਵਿੱਚ ਹਮਲੇ ਦੀ ਪੁਸ਼ਟੀ ਕੀਤੀ, ਜਿਸ ਵਿੱਚ ਉਸਨੇ ਇਸਦੀ ਨਿੰਦਾ ਕੀਤੀ ਪਰ ਮਰਨ ਵਾਲਿਆਂ ਦੀ ਗਿਣਤੀ ਨਹੀਂ ਦੱਸੀ।

ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀਟੀਪੀ) ਸਮੂਹ ਨੇ ਇਸ ਦੀ ਜ਼ਿੰਮੇਵਾਰੀ ਲਈ ਹੈ ਅਤੇ ਇੱਕ ਬਿਆਨ ਵਿੱਚ ਕਿਹਾ ਹੈ ਕਿ ਇਹ ਹਮਲਾ ਇੱਕ ਸੀਨੀਅਰ ਨੇਤਾ, ਉਸਤਾਦ ਕੁਰੈਸ਼ੀ ਦੀ ਹੱਤਿਆ ਦਾ ਬਦਲਾ ਸੀ।

ਪਾਕਿਸਤਾਨੀ ਫ਼ੌਜ ਨੇ ਵੀਰਵਾਰ ਨੂੰ ਇਕ ਬਿਆਨ ‘ਚ ਕਿਹਾ ਕਿ ਕੁਰੈਸ਼ੀ ਅਫਗਾਨਿਸਤਾਨ ਦੀ ਸਰਹੱਦ ਨਾਲ ਲੱਗਦੇ ਬਾਜੌਰ ਜ਼ਿਲੇ ‘ਚ ਖ਼ੁਫ਼ੀਆ ਸੂਚਨਾ ਆਧਾਰਿਤ ਕਾਰਵਾਈ ‘ਚ ਮਾਰੇ ਗਏ 9 ਲੋਕਾਂ ‘ਚੋਂ ਇਕ ਸੀ। ਇਸ ਵਿੱਚ ਦੋ ਆਤਮਘਾਤੀ ਹਮਲਾਵਰ ਵੀ ਸ਼ਾਮਲ ਸਨ।

ਇਸਲਾਮਾਬਾਦ ਦਾ ਕਹਿਣਾ ਹੈ ਕਿ ਟੀਟੀਪੀ ਅਫ਼ਗਾਨਿਸਤਾਨ ਨੂੰ ਅਧਾਰ ਵਜੋਂ ਵਰਤਦਾ ਹੈ ਅਤੇ ਕਹਿੰਦਾ ਹੈ ਕਿ ਸੱਤਾਧਾਰੀ ਤਾਲਿਬਾਨ ਪ੍ਰਸ਼ਾਸਨ ਨੇ ਸਮੂਹ ਨੂੰ ਸਰਹੱਦ ਦੇ ਨੇੜੇ ਸੁਰੱਖਿਅਤ ਪਨਾਹਗਾਹ ਪ੍ਰਦਾਨ ਕੀਤੀ ਹੈ। ਤਾਲਿਬਾਨ ਇਸ ਤੋਂ ਇਨਕਾਰ ਕਰਦਾ ਹੈ।

2021 ਵਿੱਚ ਅਫ਼ਗਾਨਿਸਤਾਨ ਵਿੱਚ ਤਾਲਿਬਾਨ ਦੇ ਸੱਤਾ ਵਿੱਚ ਆਉਣ ਤੋਂ ਬਾਅਦ ਪਾਕਿਸਤਾਨ ਵਿੱਚ ਅਜਿਹੇ ਹਮਲਿਆਂ ਦੀ ਗਿਣਤੀ ਵੱਧ ਰਹੀ ਹੈ। ਤਾਲਿਬਾਨ ਦੇ ਪਾਕਿਸਤਾਨੀ ਅੱਤਵਾਦੀਆਂ ਨੇ ਜ਼ਿਆਦਾਤਰ ਸੁਰੱਖਿਆ ਬਲਾਂ ਨੂੰ ਨਿਸ਼ਾਨਾ ਬਣਾ ਕੇ ਹਮਲੇ ਕੀਤੇ ਹਨ। ਇਸ ਤੋਂ ਪਹਿਲਾਂ ਵੀ ਇਸ ਇਲਾਕੇ ‘ਚ ਅੱਤਵਾਦੀ ਲਗਾਤਾਰ ਪੁਲਿਸ ਨੂੰ ਨਿਸ਼ਾਨਾ ਬਣਾ ਚੁੱਕੇ ਹਨ। ਇਸ ਤੋਂ ਪਹਿਲਾਂ ਅਗਸਤ ‘ਚ ਪਾਕਿਸਤਾਨ ਦੇ ਪੰਜਾਬ ਸੂਬੇ ‘ਚ ਅੱਤਵਾਦੀਆਂ ਨੇ ਪੁਲਿਸ ਟੀਮ ‘ਤੇ ਰਾਕੇਟ ਨਾਲ ਹਮਲਾ ਕੀਤਾ ਸੀ। ਇਸ ਹਮਲੇ ‘ਚ ਘੱਟੋ-ਘੱਟ 11 ਪੁਲਿਸ ਮੁਲਾਜ਼ਮ ਮਾਰੇ ਗਏ ਸਨ। ਅੱਤਵਾਦੀਆਂ ਨੇ ਕਈ ਪੁਲਿਸ ਵਾਲਿਆਂ ਨੂੰ ਵੀ ਬੰਧਕ ਬਣਾ ਲਿਆ ਸੀ। ਖ਼ਬਰਾਂ ਮੁਤਾਬਕ ਪੁਲਿਸ ਦੀ ਗੱਡੀ ‘ਤੇ ਹਮਲਾ ਉਸ ਸਮੇਂ ਹੋਇਆ ਜਦੋਂ ਪੁਲਿਸ ਵੈਨ ਚਿੱਕੜ ਵਾਲੀ ਸੜਕ ‘ਤੇ ਫਸ ਗਈ।