ਕਾਬੁਲ ਉੱਤੇ ਤਾਲਿਬਾਨ ਦੇ ਕਬਜ਼ੇ ਮਗਰੋਂ ਨਿੱਤ ਨਿੱਘਰਦੇ ਹਾਲਾਤ ਦਰਮਿਆਨ ਭਾਰਤ ਅੱਜ ਆਪਣੇ 329 ਨਾਗਰਿਕਾਂ ਤੇ ਦੋ ਅਫ਼ਗ਼ਾਨ ਕਾਨੂੰਨਸਾਜ਼ਾਂ ਸਮੇਤ 392 ਦੇ ਕਰੀਬ ਲੋਕਾਂ ਨੂੰ ਤਿੰਨ ਵੱਖੋ-ਵੱਖਰੀਆਂ ਉਡਾਣਾਂ ਰਾਹੀਂ ਅਫ਼ਗਾਨਿਸਤਾਨ ’ਚੋਂ ਸੁਰੱਖਿਅਤ ਕੱਢ ਲਿਆਇਆ ਹੈ। ਦੋ ਉਡਾਣਾਂ ਦੋਹਾ ਤੇ ਦੁਸ਼ਾਂਬੇ ਤੋਂ ਜਦੋਂਕਿ ਤੀਜੀ ਉਡਾਣ ਕਾਬੁਲ ਤੋਂ ਸਿੱਧੀ ਦਿੱਲੀ ਦੇ ਹਿੰਡਨ ਹਵਾਈ ਬੇਸ ’ਤੇ ਪੁੱਜੀ। ਭਾਰਤੀ ਹਵਾਈ ਸੈਨਾ ਦੇ ਸੀ-17 ਮਾਲਵਾਹਕ ਜਹਾਜ਼ ਦੀ ਸਿੱਧੀ ਉਡਾਣ ਵਿੱਚ ਕੁੱਲ 168 ਲੋਕ, ਜਿਨ੍ਹਾਂ ਵਿੱਚ 107 ਭਾਰਤੀ ਤੇ 23 ਅਫ਼ਗਾਨ ਸਿੱਖ ਤੇ ਹਿੰਦੂ ਸ਼ਾਮਲ ਸਨ। ਤਾਜਿਕਿਸਤਾਨ ਦੀ ਰਾਜਧਾਨੀ ਦੁਸ਼ਾਂਬੇ ਤੋਂ ਦਿੱਲੀ ਪੁੱਜੀ ਏਅਰ ਇੰਡੀਆ ਦੀ ਵਿਸ਼ੇਸ਼ ਉਡਾਣ ਵਿੱਚ 87 ਭਾਰਤੀ ਤੇ ਦੋ ਨੇਪਾਲੀ ਨਾਗਰਿਕ ਸਵਾਰ ਸਨ। ਭਾਰਤੀ ਹਵਾਈ ਸੈਨਾ ਦਾ ਮਾਲਵਾਹਕ ਜਹਾਜ਼ ਲੰਘੇ ਦਿਨ 89 ਵਿਅਕਤੀਆਂ ਦੇ ਇਸ ਸਮੂਹ ਨੂੰ ਕਾਬੁਲ ਤੋਂ ਲੈ ਕੇ ਤਾਜਿਕਿਸਤਾਨ ਪੁੱਜਾ ਸੀ। ਇਸੇ ਤਰ੍ਹਾਂ 135 ਭਾਰਤੀਆਂ ਦਾ ਇਕ ਹੋਰ ਸਮੂਹ, ਜਿਨ੍ਹਾਂ ਨੂੰ ਅਮਰੀਕਾ ਤੇ ਨਾਟੋ ਜਹਾਜ਼ ਪਿਛਲੇ ਕੁਝ ਦਿਨਾਂ ਵਿੱਚ ਕਾਬੁਲ ਤੋਂ ਦੋਹਾ ਲੈ ਕੇ ਆਏ ਸਨ, ਵੀ ਅੱਜ ਵਿਸ਼ੇਸ਼ ਉਡਾਣ ਰਾਹੀਂ ਦਿੱਲੀ ਪੁੱਜ ਗਿਆ। ਭਾਰਤ ਦਾ ਆਪਣੇ ਨਾਗਰਿਕਾਂ ਸਮੇਤ ਹੋਰਨਾਂ ਨੂੰ ਕਾਬੁਲ ’ਚੋਂ ਸੁਰੱਖਿਅਤ ਕੱਢ ਲਿਆਉਣ ਦਾ ਇਹ ਮਿਸ਼ਨ ਅਮਰੀਕਾ, ਕਤਰ, ਤਾਜਿਕਿਸਤਾਨ ਤੇ ਕੁਝ ਹੋਰਨਾਂ ਸਾਥੀ ਮੁਲਕਾਂ ਦੇ ਸਹਿਯੋਗ ਤੇ ਤਾਲਮੇਲ ਨਾਲ ਸਿਰੇ ਚੜ੍ਹਿਆ ਹੈ।
ਇਸ ਪੂਰੇ ਮਿਸ਼ਨ ਤੋਂ ਜਾਣੂ ਲੋਕਾਂ ਨੇ ਕਿਹਾ ਕਿ ਕਾਬੁਲ ’ਚੋਂ ਸੁਰੱਖਿਅਤ ਕੱਢੇ 168 ਵਿਅਕਤੀਆਂ ਦੇ ਸਮੂਹ ਵਿੱਚ ਅਫ਼ਗ਼ਾਨ ਕਾਨੂੰਨਸਾਜ਼ ਅਨਾਰਕਲੀ ਹੋਨਾਰਯਾਰ ਤੇ ਨਰਿੰਦਰ ਸਿੰਘ ਖ਼ਾਲਸਾ ਅਤੇ ਉਨ੍ਹਾਂ ਦੇ ਪਰਿਵਾਰ ਵੀ ਸ਼ਾਮਲ ਸਨ। ਵਿਦੇਸ਼ ਮੰਤਰਾਲੇ ਦੇ ਤਰਜਮਾਨ ਅਰਿੰਦਮ ਬਾਗਚੀ ਨੇ ਹਿੰਡਨ ਹਵਾਈ ਬੇਸ ’ਤੇ ਜਹਾਜ਼ ਉਤਰਨ ਤੋਂ ਕੁਝ ਘੰਟੇ ਪਹਿਲਾਂ ਕੀਤੇ ਟਵੀਟ ’ਚ ਕਿਹਾ, ‘‘ਭਾਰਤੀਆਂ ਨੂੰ ਸੁਰੱਖਿਅਤ ਕੱਢ ਲਿਆਉਣ ਦਾ ਅਮਲ ਜਾਰੀ ਹੈ! ਭਾਰਤੀ ਹਵਾਈ ਸੈਨਾ ਦੀ ਉਡਾਣ, ਜਿਸ ’ਤੇ 107 ਭਾਰਤੀ ਨਾਗਰਿਕਾਂ ਸਮੇਤ 168 ਮੁਸਾਫ਼ਰ ਸਵਾਰ ਸਨ, ਕਾਬੁਲ ਤੋਂ ਦਿੱਲੀ ਲਈ ਰਵਾਨਾ ਹੋ ਚੁੱਕੀ ਹੈ। ਇਸ ਦੌਰਾਨ ਇਹ ਵੀ ਪਤਾ ਲੱਗਾ ਹੈ ਕਿ ਕਾਬੁਲ ਤੋਂ ਦੋਹਾ ਲਿਜਾਏ ਗਏ ਭਾਰਤੀਆਂ ਵਿੱਚ ਕੁਝ ਮੁਲਾਜ਼ਮ ਵੀ ਸ਼ਾਮਲ ਸਨ, ਜੋ ਅਫ਼ਗ਼ਾਨਿਸਤਾਨ ’ਚ ਵਿਦੇਸ਼ ਕੰਪਨੀਆਂ ਲਈ ਕੰਮ ਕਰ ਰਹੇ ਸਨ।
ਬਾਗਚੀ ਨੇ ਅੱਜ ਵੱਡੇ ਤੜਕੇ 1:20 ਵਜੇ ਦੇ ਕਰੀਬ ਕੀਤੇ ਟਵੀਟ ਵਿੱਚ ਕਿਹਾ, ‘‘ਏਅਰ ਇੰਡੀਆ ਦੀ ਉਡਾਣ 1956 ਅਫ਼ਗਾਨਿਸਤਾਨ ਤੋਂ ਭਾਰਤੀਆਂ ਨੂੰ ਵਾਪਸ ਲਿਆ ਰਹੀ ਹੈ। ਤਾਜਿਕਿਸਤਾਨ ਤੋਂ ਦਿੱਲੀ ਲਈ ਰਵਾਨਾ ਹੋਈ ਉਡਾਣ ਵਿੱਚ 87 ਭਾਰਤੀ ਤੇ ਦੋ ਨੇਪਾਲੀ ਨਾਗਰਿਕ ਸ਼ਾਮਲ ਹਨ। ਜਲਦੀ ਹੀ ਹੋਰ ਉਡਾਣਾਂ ਵੀ ਪਹੁੰਚਣਗੀਆਂ।
ਚੇਤੇ ਰਹੇ ਕਿ ਪਿਛਲੇ ਐਤਵਾਰ ਨੂੰ ਤਾਲਿਬਾਨ ਲੜਾਕਿਆਂ ਦੇ ਅਫ਼ਗ਼ਾਨਿਸਤਾਨ ਦੀ ਰਾਜਧਾਨੀ ਕਾਬੁਲ ’ਤੇ ਕਾਬਜ਼ ਹੋਣ ਮਗਰੋਂ ਭਾਰਤ ਨੇ ਗੁਆਂਢੀ ਮੁਲਕ ਵਿਚਲੇ ਆਪਣੇ ਰਾਜਦੂਤ ਤੇ ਕਾਬੁਲ ਵਿਚਲੀ ਅੰਬੈਸੀ ਦੇ ਹੋਰ ਸਟਾਫ਼ ਨੂੰ ਭਾਰਤੀ ਹਵਾਈ ਸੈਨਾ ਦੇ ਦੋ ਸੀ-17 ਮਾਲਵਾਹਕ ਜਹਾਜ਼ਾਂ ਰਾਹੀਂ ਸੁਰੱਖਿਅਤ ਕੱਢ ਲਿਆਂਦਾ ਸੀ। ਲੰਘੇ ਸੋਮਵਾਰ ਨੂੰ ਕਾਬੁਲ ਤੋਂ ਉਡਾਣ ਭਰਨ ਵਾਲੇ ਫੌਜੀ ਜਹਾਜ਼ ਵਿੱਚ 40 ਤੋਂ ਵੱਧ ਲੋਕ ਸਵਾਰ ਸਨ, ਜਿਨ੍ਹਾਂ ਵਿੱਚ ਬਹੁਗਿਣਤੀ ਐਬੰਸੀ ਦੇ ਸਟਾਫ਼ ਮੈਂਬਰ ਸਨ। ਮੰਗਲਵਾਰ ਨੂੰ ਭਾਰਤ ਲਈ ਉਡਾਣ ਭਰਨ ਵਾਲੇ ਦੂਜੇ ਸੀ-17 ਜਹਾਜ਼ ਵਿੱਚ 150 ਦੇ ਕਰੀਬ ਲੋਕ ਸਵਾਰ ਸਨ, ਜਿਨ੍ਹਾਂ ਵਿੱਚ ਭਾਰਤੀ ਸਫ਼ੀਰ, ਅਧਿਕਾਰੀ, ਸੁਰੱਖਿਆ ਅਮਲਾ ਤੇ ਕਾਬੁਲ ਵਿੱਚ ਫਸੇ ਭਾਰਤੀ ਸ਼ਾਮਲ ਸਨ।
ਇਸ ਦੌਰਾਨ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਵੱਡੀ ਗਿਣਤੀ ਭਾਰਤੀਆਂ ਦੀ ਸੁਰੱਖਿਅਤ ਘਰ ਵਾਪਸੀ ਦੇ ਬਾਵਜੂਦ ਉਨ੍ਹਾਂ ਦਾ ਸਾਰਾ ਧਿਆਨ ਅਜੇ ਵੀ ਉਥੇ ਫਸੇ ਭਾਰਤੀ ਨਾਗਰਿਕਾਂ ਵੱਲ ਹੈ। ਮੰਤਰਾਲੇ ਨੇ ਕਿਹਾ ਕਿ ਉਸ ਦੀ ਸਿਖਰਲੀ ਤਰਜੀਹ ਅਫ਼ਗ਼ਾਨਿਸਤਾਨ ਵਿੱਚ ਰਹਿ ਗਏ ਸਾਰੇ ਭਾਰਤੀਆਂ ਬਾਰੇ ਸਹੀ ਜਾਣਕਾਰੀ ਹਾਸਲ ਕਰਨਾ ਹੈ। ਮੰਤਰਾਲੇ ਨੇ ਭਾਰਤੀਆਂ ਦੇ ਨਾਲ ਨਾਲ ਉਨ੍ਹਾਂ ਦੇ ਰੁਜ਼ਗਾਰਦਾਤਿਆਂ ਨੂੰ ਅਪੀਲ ਕੀਤੀ ਕਿ ਉਹ ਵਿਸ਼ੇਸ਼ ਅਫ਼ਗਾਨਿਸਤਾਨ ਸੈੱਲ ਨਾਲ ਢੁੱਕਵੀਂ ਜਾਣਕਾਰੀ ਸਾਂਝੀ ਕਰਨ।