ਯੂਪੀ ਦੇ ਸਾਬਕਾ ਮੁੱਖ ਮੰਤਰੀ ਕਲਿਆਣ ਸਿੰਘ ਨੂੰ ਮੋਦੀ ਤੇ ਹੋਰਾਂ ਵੱਲੋਂ ਸ਼ਰਧਾਂਜਲੀਆਂ

ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਕਲਿਆਣ ਸਿੰਘ ਨੂੰ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਭਾਜਪਾ ਸਮੇਤ ਹੋਰ ਸਿਆਸੀ ਪਾਰਟੀਆਂ ਦੇ ਆਗੂਆਂ ਨੇ ਸ਼ਰਧਾਂਜਲੀਆਂ ਭੇਟ ਕੀਤੀਆਂ। ਕਲਿਆਣ ਸਿੰਘ (89) ਦਾ ਬੀਤੇ ਦਿਨ ਇੱਥੋਂ ਦੀ ਸੰਜੈ ਗਾਂਧੀ ਪੀਜੀਆਈ ’ਚ ਦੇਹਾਂਤ ਹੋ ਗਿਆ ਸੀ। ਉਹ ਲੰਮੇ ਸਮੇਂ ਤੋਂ ਬਿਮਾਰ ਸਨ ਤੇ ਉਨ੍ਹਾਂ ਦਾ ਇੱਥੇ ਇਲਾਜ ਚੱਲ ਰਿਹਾ ਸੀ। ਉਹ ਰਾਜਸਥਾਨ ਤੇ ਹਿਮਾਚਲ ਪ੍ਰਦੇਸ਼ ਦੇ ਰਾਜਪਾਲ ਵੀ ਰਹੇ। ਅਲੀਗੜ੍ਹ ਜ਼ਿਲ੍ਹੇ ਦੇ ਮਡੌਲੀ ਪਿੰਡ ’ਚ ਤੇਜਪਾਲ ਸਿੰਘ ਲੋਧੀ ਤੇ ਸੀਤਾ ਦੇਵੀ ਦੇ ਘਰ ਪੰਜ ਜਨਵਰੀ 1932 ਨੂੰ ਜਨਮੇ ਕਲਿਆਣ ਸਿੰਘ ਪਹਿਲੀ ਵਾਰ 1967 ’ਚ ਜਨ ਸੰਘ ਦੀ ਟਿਕਟ ’ਤੇ ਅਲੀਗੜ੍ਹ ਜ਼ਿਲ੍ਹੇ ਦੀ ਅਤਰੌਲੀ ਸੀਟ ਤੋਂ ਵਿਧਾਇਕ ਚੁਣੇ ਗਏ ਅਤੇ ਇਸ ਤੋਂ ਬਾਅਦ 2002 ਤੱਕ ਦਸ ਵਾਰ ਵਿਧਾਇਕ ਬਣੇ। ਉਹ ਰਾਮ ਮੰਦਿਰ ਮੁਹਿੰਮ ’ਚ ਜਨ ਸੰਘ ਦੇ ਮੋਹਰੀ ਹਿੰਦੂਤਵੀ ਆਗੂਆਂ ’ਚ ਸ਼ੁਮਾਰ ਸਨ। ਉਨ੍ਹਾਂ ਦੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਹੁੰਦਿਆਂ 6 ਦਸੰਬਰ 1992 ਨੂੰ ਬਾਬਰੀ ਮਸਜਿਦ ਢਾਹੀ ਗਈ ਸੀ ਤੇ ਕਾਰ ਸੇਵਕਾਂ ਦੀ ਭੀੜ ਵੱਲੋਂ ਬਾਬਰੀ ਮਸਜਿਦ ਢਾਹੇ ਜਾਣ ਮਗਰੋਂ ਉਨ੍ਹਾਂ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਉਨ੍ਹਾਂ ਮਸਜਿਦ ਢਾਹੁਣ ਵਾਲੇ ਕਾਰ ਸੇਵਕਾਂ ’ਤੇ ਗੋਲੀ ਚਲਾਉਣ ਦੇ ਹੁਕਮ ਦੇਣ ਤੋਂ ਵੀ ਇਨਕਾਰ ਕਰ ਦਿੱਤਾ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਲਿਆਣ ਸਿੰਘ ਨੂੰ ਸ਼ਰਧਾਂਜਲੀਆਂ ਭੇਟ ਕਰਦਿਆਂ ਉਨ੍ਹਾਂ ਨੂੰ ਆਮ ਲੋਕਾਂ ਲਈ ਭਰੋਸੇ ਦਾ ਪ੍ਰਤੀਕ ਕਰਾਰ ਦਿੱਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਕਲਿਆਣ ਸਿੰਘ ਨੇ ਲੋਕਾਂ ਦੀ ਭਲਾਈ ਨੂੰ ਆਪਣੀ ਜ਼ਿੰਦਗੀ ਦਾ ਮਕਸਦ ਬਣਾ ਲਿਆ ਸੀ। ਉਨ੍ਹਾਂ ਕਿਹਾ, ‘ਦੇਸ਼ ਨੇ ਬਹੁਤ ਹੀ ਕੀਮਤੀ ਹਸਤੀ ਤੇ ਯੋਗ ਆਗੂ ਗੁਆ ਲਿਆ ਹੈ। ਸਾਨੂੰ ਉਨ੍ਹਾਂ ਦੇ ਅਧੂਰੇ ਕੰਮ, ਉਨ੍ਹਾਂ ਦੇ ਆਦਰਸ਼, ਵਾਅਦੇ ਪੂਰੇ ਕਰਨ ਲਈ ਸਖਤ ਮਿਹਨਤ ਕਰਨੀ ਚਾਹੀਦੀ ਹੈ ਤੇ ਉਨ੍ਹਾਂ ਦੇ ਸੁਫ਼ਨੇ ਪੂਰੇ ਕਰਨ ’ਚ ਕੋਈ ਕਸਰ ਨਹੀਂ ਛੱਡਣੀ ਚਾਹੀਦੀ।’ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਆਪਣੇ ਮਾਪਿਆਂ ਵੱਲੋਂ ਦਿੱਤੇ ਨਾਂ ਨੂੰ ਪੂਰੀ ਤਰ੍ਹਾਂ ਸਾਰਥਕ ਕੀਤਾ। ਉਨ੍ਹਾਂ ਕਿਹਾ, ‘ਉਹ ਸਾਰੀ ਜ਼ਿੰਦਗੀ ਲੋਕ ਭਲਾਈ ਲਈ ਕੰਮ ਕਰਦੇ ਰਹੇ। ਉਨ੍ਹਾਂ ਲੋਕ ਭਲਾਈ ਨੂੰ ਜ਼ਿੰਦਗੀ ਦਾ ਮੰਤਰ ਬਣਾਇਆ ਅਤੇ ਸਾਰੀ ਜ਼ਿੰਦਗੀ ਭਾਜਪਾ, ਭਾਰਤੀ ਜਨ ਸੰਘ ਪਰਿਵਾਰ, ਇੱਕ ਵਿਚਾਰਧਾਰਾ ਤੇ ਦੇਸ਼ ਦੇ ਰੌਸ਼ਨ ਭਵਿੱਖ ਨੂੰ ਸਮਰਪਿਤ ਕਰ ਦਿੱਤੀ।’ ਉਨ੍ਹਾਂ ਨਾਲ ਭਾਜਪਾ ਪ੍ਰਧਾਨ ਜੇਪੀ ਨੱਢਾ, ਉੱਤਰ ਪ੍ਰਦੇਸ਼ ਦੀ ਰਾਜਪਾਲ ਆਨੰਦੀਬੇਨ ਪਟੇਲ, ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ, ਉਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰਿਆ ਤੇ ਦਿਨੇਸ਼ ਸ਼ਰਮਾ ਵੀ ਹਾਜ਼ਰ ਸਨ। ਉਨ੍ਹਾਂ ਤੋਂ ਇਲਾਵਾ ਰੱਖਿਆ ਮੰਤਰੀ ਰਾਜਨਾਥ ਸਿੰਘ, ਬਸਪਾ ਮੁਖੀ ਮਾਇਆਵਤੀ ਨੇ ਮਰਹੂਮ ਮੁੱਖ ਮੰਤਰੀ ਨੂੰ ਸ਼ਰਧਾਂਜਲੀ ਭੇਟ ਕੀਤੀ। ਪਾਰਟੀ ਆਗੂਆਂ ਨੇ ਕਿਹਾ ਕਿ ਕਲਿਆਣ ਸਿੰਘ ਦੀ ਦੇਹ ਬਾਅਦ ਦੁਪਹਿਰ ਉਨ੍ਹਾਂ ਦੀ ਰਿਹਾਇਸ਼ ਤੋਂ ਯੂਪੀ ਵਿਧਾਨ ਸਭਾ ਲਿਆਂਦੀ ਗਈ ਅਤੇ ਫਿਰ ਇੱਥੋਂ ਉਨ੍ਹਾਂ ਦੀ ਦੇਹ ਪਾਰਟੀ ਦੇ ਹੈੱਡਕੁਆਰਟਰ ਲਿਆਂਦੀ ਗਈ। ਉਨ੍ਹਾਂ ਦੀ ਦੇਹ ਅੱਜ ਸ਼ਾਮ ਅਲੀਗੜ੍ਹ ਲਿਜਾਈ ਜਾਵੇਗੀ ਜਿੱਥੇ ਭਲਕੇ ਉਨ੍ਹਾਂ ਦਾ ਸਸਕਾਰ ਹੋਵੇਗਾ। ਇਸੇ ਦੌਰਾਨ ਆਰਐੱਸਐੱਸ ਮੁਖੀ ਮੋਹਨ ਭਾਗਵਤ ਤੇ ਸੰਯੁਕਤ ਜਨਰਲ ਸਕੱਤਰ ਦੱਤਾਤ੍ਰੇਯ ਹੋਸਬਲੇ ਨੇ ਵੀ ਕਲਿਆਣ ਸਿੰਘ ਦੇ ਦੇਹਾਂਤ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ। ਇਸੇ ਦੌਰਾਨ ਕਲਿਆਣ ਸਿੰਘ ਦੇ ਦੇਹਾਂਤ ’ਤੇ ਉੱਤਰਾਖੰਡ ਸਰਕਾਰ ਨੇ ਇੱਕ ਰੋਜ਼ਾ ਅਤੇ ਰਾਜਸਥਾਨ ਸਰਕਾਰ ਨੇ ਦੋ ਰੋਜ਼ਾ ਸੂਬਾਈ ਸੋਗ ਦਾ ਐਲਾਨ ਕੀਤਾ ਹੈ। ਯੂਪੀ ਸਰਕਾਰ ਨੇ ਬੀਤੇ ਦਿਨ ਹੀ ਤਿੰਨ ਰੋਜ਼ਾ ਸੂਬਾਈ ਸੋਗ ਐਲਾਨ ਦਿੱਤਾ ਸੀ। ਯੂਪੀ ਵਿਧਾਨ ਸਭਾ ਦੇ ਸਪੀਕਰ ਨਾਰਾਇਣ ਦੀਕਸ਼ਿਤ ਨੇ ਕਿਹਾ ਕਿ ਕਲਿਆਣ ਸਿੰਘ ਵੱਲੋਂ ਵਿਧਾਨ ਸਭਾ ’ਚ ਦਿੱਤੇ ਗਏ ਭਾਸ਼ਣ ਇਕੱਠੇ ਕਰਕੇ ਛਾਪੇ ਜਾਣਗੇ।