ਅੱਜ ਇਲਾਕੇ ਦੇ ਵੱਖ ਵੱਖ ਭਾਗਾਂ ਵਿੱਚ ਸਵੇਰ ਵੇਲੇ ਲਗਾਤਾਰ ਛੇ ਘੰਟੇ ਲਗਾਤਾਰ ਹੋਈ ਬਾਰਸ਼ ਨਾਲ ਭਾਵੇਂ ਵਧੇਰੇ ਫਸਲਾਂ ਦੇ ਕੋਈ ਨੁਕਸਾਨ ਹੋਣ ਦੀਆਂ ਰਿਪੋਰਟਾਂ ਨਹੀਂ ਮਿਲੀਆਂ ਪਰ ਬਾਰਸ਼ ਨੇ ਸਬਜ਼ੀਆਂ ਅਤੇ ਬਾਸਮਤੀ ਦੀਆਂ ਅਗੇਤੀਆਂ ਕਿਸਮਾਂ 1509 ਨੂੰ ਕਾਫ਼ੀ ਨੁਕਸਾਨ ਪਹੁੰਚਾਇਆ ਹੈ| ਇਹ ਵੀ ਹਕੀਕਤ ਹੈ ਕਿ ਪਿਛਲੇ ਸੀਜ਼ਨ ਦੌਰਾਨ ਝੋਨੇ ਦੀਆਂ ਅਗੇਤੀਆਂ ਕਿਸਮਾਂ (ਬਾਸਮਤੀ ਦੇ ਨਾਂ ਨਾਲ ਜਾਣੀਆਂ ਜਾਂਦੀਆਂ) ਦਾ ਕਿਸਾਨ ਨੂੰ ਕੋਈ ਲਾਹੇਵੰਦ ਭਾਅ ਨਾ ਮਿਲਣ ਕਰਕੇ ਇਸ ਵਾਰ ਕਿਸਾਨਾਂ ਨੇ ਇਨ੍ਹਾਂ ਕਿਸਮਾਂ ਤੋਂ ਤੌਬਾ ਕਰ ਰੱਖੀ ਹੈ| ਕਈ ਹਾਲਤਾਂ ਵਿੱਚ ਇਨ੍ਹਾਂ ਅਗੇਤੀਆਂ ਕਿਸਮਾਂ ਦੀ ਬਿਜਾਈ ਕਰਨੀ ਕਿਸਾਨ ਦੀ ਮਜਬੂਰੀ ਹੋਣ ਕਰਕੇ ਉਨ੍ਹਾਂ ਨੂੰ ਇਹ ਕਿਸਾਮਾਂ ਦੀ ਕਾਸ਼ਤ ਕਰਨੀ ਹੀ ਪੈਂਦੀ ਹੈ| ਇਨ੍ਹਾਂ ਕਿਸਮਾਂ ਨੂੰ ਉਹ ਕਿਸਾਨ ਬੀਜਦੇ ਹਨ ਜਿਨ੍ਹਾਂ ਨੇ ਕਣਕ ਦੀ ਬਿਜਾਈ ਕਰਨ ਤੋਂ ਪਹਿਲਾਂ ਮਟਰ, ਆਲੂ ਆਦਿ ਸਬਜ਼ੀਆਂ ਦੀ ਫਸਲ ਲੈਣੀ ਹੁੰਦੀ ਹੈ| ਤਰਨ ਤਾਰਨ ਸ਼ਹਿਰ ਦੇ ਨੇੜਲੇ ਪਿੰਡ ਪਲਾਸੌਰ ਦੇ ਕਿਸਾਨ ਯਾਦਵਿੰਦਰ ਸਿੰਘ ਨੇ ਆਪਣੀ ਸਾਰੀ 15 ਏਕੜ ਜ਼ਮੀਨ ਵਿੱਚ ਹੀ ਝੋਨੇ ਦੀ 1509 ਕਿਸਮ ਬੀਜੀ ਹੈ| ਇਹ ਪਿੰਡ ਸਬਜ਼ੀਆਂ ਪੈਦਾ ਕਰਨ ਲਈ ਜਾਣਿਆ ਜਾਂਦਾ ਹੈ| ਯਾਦਵਿੰਦਰ ਸਿੰਘ ਨੇ ਕਿਹਾ ਕਿ ਅੱਜ ਹੋਈ ਬਾਰਸ਼ ਕਾਰਨ ਉਸ ਦੀ ਫਸਲ ਨੂੰ ਲੱਗੀਆਂ ਮੁੰਜਰਾਂ ਝੜ ਗਈਆਂ ਹਨ ਜਿਸ ਨਾਲ ਫਸਲ ਦੇ ਝਾੜ ’ਤੇ ਡਾਢਾ ਅਸਰ ਪੈਣ ਦਾ ਖਦਸ਼ਾ ਹੈ| ਇਵੇਂ ਹੀ ਜ਼ਿਲ੍ਹੇ ਦੇ ਪਿੰਡ ਸੰਘਾ, ਨੌਰੰਗਾਬਾਦ, ਵੇਈਂਪੂਈਂ, ਭਰੋਵਾਲ, ਫਤਿਹਬਾਦ, ਖਡੂਰ ਸਾਹਿਬ, ਦੀਨੇਵਾਲ, ਕੰਗ ਆਦਿ ਕਈ ਪਿੰਡਾਂ ਵਿੱਚ ਬਾਰਸ਼ ਨੇ ਨੁਕਸਾਨ ਕੀਤਾ ਹੈ| ਜ਼ਿਲ੍ਹੇ ਦੇ ਮੁੱਖ ਖੇਤੀਬਾੜੀ ਅਧਿਕਾਰੀ ਕੁਲਜੀਤ ਸਿੰਘ ਸੈਣੀ ਨੇ ਵਧੇਰੇ ਬਲਾਕਾਂ ਦੀ ਜਾਣਕਾਰੀ ਨਹੀਂ ਦਿੱਤੀ| ਉਨ੍ਹਾਂ ਕਿਹਾ ਕਿ ਤਰਨ ਤਾਰਨ ਬਲਾਕ ਵਿੱਚ 2 ਐੱਮਐੱਮ, ਖਡੂਰ ਸਾਹਿਬ ਵਿੱਚ ਤਿੰਨ ਤੇ ਪੱਟੀ ਵਿੱਚ 22 ਐੱਮਐੱਮ ਬਾਰਸ਼ ਹੋਈ ਹੈ| ਅਧਿਕਾਰੀ ਨੇ ਨੌਸ਼ਹਿਰਾ ਪੰਨੂਆਂ ਵਿੱਚ 20 ਹੈਕਟੇਅਰ ਅਤੇ ਚੋਹਲਾ ਸਾਹਿਬ ਵਿੱਚ 27 ਹੈਕਟੇਅਰ ਫਸਲ ਦਾ ਨੁਕਸਾਨ ਹੋਣ ਦੀ ਜਾਣਕਾਰੀ ਦਿੱਤੀ ਹੈ| ਪਲਾਸੌਰ ਪਿੰਡ ਦੇ ਕਿਸਾਨ ਯਾਦਵਿੰਦਰ ਸਿੰਘ ਨੇ ਕਿਹਾ ਕਿ ਜ਼ਿਲ੍ਹੇ ਵਿੱਚ ਝੋਨੇ ਦੀ 1509 ਕਿਸਮ ਨੂੰ ਹੋਏ ਨੁਕਸਾਨ ਦਾ ਜਾਇਜਾ ਲੈਣ ਲਈ ਵਿਸ਼ੇਸ਼ ਗਿਰਦਾਵਰੀ ਕਰਵਾਈ ਜਾਣੀ ਚਾਹੀਦੀ ਹੈ| ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਉਹ ਪਿਛਲੇ ਸੀਜ਼ਨ ਵਿੱਚ ਚੋਖਾ ਨੁਕਸਾਨ ਉਠਾ ਚੁੱਕੇ ਹਨ|
ਮੀਂਹ ਨੇ ਦੁਕਾਨਦਾਰਾਂ ਦੀਆਂ ਆਸਾਂ ’ਤੇ ਪਾਣੀ ਫੇਰਿਆ ਭਰਾ ਦੇ ਰਿਸ਼ਤੇ ਦੀ ਗੂੜੀ ਸਾਂਝ ਪੈਦਾ ਕਰਨ ਵਾਲੇ ਰੱਖੜੀ ਦੇ ਪਵਿੱਤਰ ਤਿਉਹਾਰ ਮੌਕੇ ਅੱਜ ਸਾਰਾ ਦਿਨ ਪੈਣ ਵਾਲੇ ਮੀਂਹ ਨੇ ਇਸ ਦੀਆਂ ਰੌਣਕਾਂ ’ਚ ਭੰਗ ਪਾ ਦਿੱਤੀ। ਰੱਖੜੀ ਅਤੇ ਮਠਿਆਈਆਂ ਵੇਚਣ ਵਾਲਿਆਂ ਦੀ ਪਿਛਲੇ ਕੁਝ ਦਿਨਾਂ ਤੋਂ ਭਾਰੀ ਵਿੱਕਰੀ ਹੋ ਰਹੀ ਸੀ। ਇਸ ਵਿੱਕਰੀ ਨੂੰ ਦੇਖਦੇ ਹੋਏ ਦੁਕਾਨਦਾਰਾਂ ਨੂੰ ਅੱਜ ਤਿਉਹਾਰ ਵਾਲੇ ਦਿਨ ਵੀ ਚੰਗੀ ਵਿੱਕਰੀ ਦੀ ਬਹੁਤ ਵੱਡੀ ਆਸ ਸੀ ਪਰ ਸਾਰਾ ਦਿਨ ਮੀਂਹ ਪੈਣ ਕਾਰਨ ਉਨ੍ਹਾਂ ਦੀਆਂ ਆਸਾਂ ’ਤੇ ਪਾਣੀ ਫਿਰ ਦਿੱਤਾ। ਅੱਜ ਤੜਕਸਾਰ ਹੀ ਇਲਾਕੇ ਵਿਚ ਤੇਜ ਵਰਖਾ ਹੋਣਾ ਸ਼ੁਰੂ ਹੋ ਗਈ ਸੀ। ਜਿਸ ਕਾਰਣ ਰੱਖੜੀ ਦੀ ਵਿਕਰੀ ਨੂੰ ਲਗਪਗ ਬਰੇਕਾਂ ਲਗ ਗਈਆਂ। ਮਠਿਆਈਆਂ ਵਾਲਿਆਂ ਨੇ ਵੀ ਮੀਂਹ ਕਾਰਣ ਵਿਕਰੀ ਬਾਰੇ ਨਾਂਹ ਬਰਾਬਰ ਹੋਣ ਦੀ ਗੱਲ ਕੀਤੀ।