ਵਾਸ਼ਿੰਗਟਨ/ਚੰਡੀਗੜ੍ਹ-ਅਮਰੀਕਾ ਅਤੇ ਕੈਨੇਡਾ ’ਚ ਦੀਵਾਲੀ ਤੇ ਬੰਦੀ ਛੋੜ ਦਿਵਸ ਦੇ ਜਸ਼ਨ ਧੂਮਧਾਮ ਨਾਲ ਮਨਾਏ ਗਏ। ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਅਤੇ ਉਪ ਰਾਸ਼ਟਰਪਤੀ ਕਮਲਾ ਹੈਰਿਸ ਦੀ ਅਗਵਾਈ ਹੇਠ ਅਮਰੀਕੀਆਂ ਨੇ ਮੰਦਰਾਂ ਅਤੇ ਕਈ ਹੋਰ ਥਾਵਾਂ ’ਤੇ ਰੌਸ਼ਨੀਆਂ ਦਾ ਤਿਉਹਾਰ ਮਨਾਇਆ। ਭਾਰਤ ਤੇ ਕੈਨੇਡਾ ਵਿਚਕਾਰ ਚੱਲ ਰਹੇ ਤਣਾਅ ਦਰਮਿਆਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਲੋਕਾਂ ਨੂੰ ਦੀਵਾਲੀ ਦੀਆਂ ਵਧਾਈਆਂ ਦਿੱਤੀਆਂ। ਬਰਤਾਨੀਆ ਦੇ ਪ੍ਰਧਾਨ ਮੰਤਰੀ ਕੀਰ ਸਟਾਰਮਰ ਨੇ ਪਰਿਵਾਰ ਨਾਲ ਆਪਣੀ ਸਰਕਾਰੀ ਰਿਹਾਇਸ਼ ’ਤੇ ਦੀਵੇ ਜਗਾ ਕੇ ਦੀਵਾਲੀ ਮਨਾਈ।
ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ‘ਐਕਸ’ ’ਤੇ ਕਿਹਾ, ‘‘ਆਓ ਇਸ ਦੀਵਾਲੀ ’ਤੇ ਅਸੀਂ ਰੌਸ਼ਨੀਆਂ ਦੇ ਇਸ ਤਿਉਹਾਰ ’ਚ ਇਕਜੁੱਟਤਾ ਦੀ ਤਾਕਤ ਦਿਖਾਈਏ। ਗਿਆਨ, ਏਕਤਾ, ਸੱਚ, ਆਜ਼ਾਦੀ ਅਤੇ ਲੋਕਤੰਤਰ ਦਾ ਪ੍ਰਕਾਸ਼ ਹੋਵੇ। ਇਕ ਅਜਿਹਾ ਅਮਰੀਕਾ ਹੋਵੇ ਜਿਥੇ ਸਾਰਾ ਕੁਝ ਸੰਭਵ ਹੋਵੇ।’’ ਅਮਰੀਕੀ ਰਾਸ਼ਟਰਪਤੀ ਨੇ ਇਸ ਹਫ਼ਤੇ ਦੇ ਸ਼ੁਰੂ ’ਚ ਦੇਸ਼ ਭਰ ਤੋਂ ਕਰੀਬ 600 ਭਾਰਤੀ-ਅਮਰੀਕੀਆਂ ਨੂੰ ਵ੍ਹਾਈਟ ਹਾਊਸ ’ਚ ਸੱਦ ਕੇ ਹੁਣ ਤੱਕ ਦੀ ਸਭ ਤੋਂ ਵੱਡੀ ਦੀਵਾਲੀ ਮਨਾਈ ਸੀ। ਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ ‘ਐਕਸ’ ’ਤੇ ਇਕ ਪੋਸਟ ’ਚ ਲੋਕਾਂ ਨੂੰ ਦੀਵਾਲੀ ਦੀ ਵਧਾਈ ਦਿੰਦਿਆਂ ਕਿਹਾ ਕਿ ਅਮਰੀਕਾ ਅਤੇ ਦੁਨੀਆ ਭਰ ’ਚ 100 ਕਰੋੜ ਤੋਂ ਵਧ ਲੋਕਾਂ ਨਾਲ ਦੀਵੇ ਜਗਾ ਕੇ ਬੁਰਾਈ ’ਤੇ ਚੰਗਿਆਈ, ਅਗਿਆਨਤਾ ’ਤੇ ਗਿਆਨ ਅਤੇ ਹਨੇਰੇ ’ਤੇ ਪ੍ਰਕਾਸ਼ ਦੀ ਜਿੱਤ ਦਾ ਜਸ਼ਨ ਮਨਾਇਆ। ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਕਿਹਾ ਕਿ ਦੀਵਾਲੀ ਹਨੇਰੇ ’ਤੇ ਪ੍ਰਕਾਸ਼ ਦੀ ਜਿੱਤ ਅਤੇ ਬੁਰਾਈ ’ਤੇ ਚੰਗਿਆਈ ਦੀ ਜਿੱਤ ਦਾ ਪ੍ਰਤੀਕ ਹੈ। ਮਿਨੇਸੋਟਾ ਦੇ ਗਵਰਨਰ ਅਤੇ ਉਪ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਟਿਮ ਵਾਲਜ਼ ਨੇ ਪੈਨਸਿਲਵੇਨੀਆ ਦੇ ਮੌਂਟਗੋਮਰੀ ਕਾਊਂਟੀ ਸਥਿਤ ਮੰਦਰ ’ਚ ਮੱਥਾ ਟੇਕ ਕੇ ਦੀਵੇ ਜਗਾਏ। ਗੂਗਲ ਦੇ ਸੀਈਓ ਸੁੰਦਰ ਪਿਚਾਈ ਨੇ ਵੀ ਲੋਕਾਂ ਨੂੰ ਰੌਸ਼ਨੀਆਂ ਨਾਲ ਭਰੇ ਤਿਉਹਾਰ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ।