ਚੰਡੀਗੜ੍ਹ-ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਚਾਰ ਵਿਧਾਨ ਸਭਾ ਖੇਤਰਾਂ ’ਚ ਹੋ ਰਹੀਆਂ ਜ਼ਿਮਨੀ ਚੋਣਾਂ ਦੇ ਸਨੇਰੀਓ ਤੋਂ ਲਾਪਤਾ ਹਨ। ਚੰਨੀ ਹੁਣ ਤੱਕ ਚੱਬੇਵਾਲ ਸੀਟ ’ਤੇ ਹੋ ਰਹੀ ਚੋਣ ਦੇ ਪ੍ਰਚਾਰ ਲਈ ਵੀ ਨਹੀਂ ਗਏ ਹਨ। ਹਾਲਾਂਕਿ ਮੰਨਿਆ ਜਾ ਰਿਹਾ ਹੈ ਕਿ ਅਖੀਰ ਦੇ ਚਾਰ ਪੰਜ ਦਿਨਾਂ ਵਿਚ ਉਹ ਚੱਬੇਵਾਲ ਸੀਟ ਦਾ ਪ੍ਰਚਾਰ ਸੰਭਾਲ ਸਕਦੇ ਹਨ। ਕਿਉਂਕਿ ਆਲ ਇੰਡੀਆ ਕਾਂਗਰਸ ਨੇ ਉਨ੍ਹਾਂ ਨੂੰ ਮਹਾਰਾਸ਼ਟਰ ਚੋਣ ’ਚ ਆਬਜ਼ਰਵਰ ਲਗਾਇਆ ਹੈ। ਉਨ੍ਹਾਂ ਦੇ ਕੋਲ ਵਿਦਰਭ ਦੀ ਅਮਰਾਵਤੀ ਤੇ ਨਾਗਪੁਰ ਸੀਟ ਦੀ ਜ਼ਿੰਮੇਵਾਰੀ ਹੈ। ਪਾਰਟੀ ਦਾ ਮੰਨਣਾ ਹੈ ਕਿ ਉਹ ਚੱਬੇਵਾਲ ਸੀਟ ’ਤੇ ਅਹਿਮ ਭੂਮਿਕਾ ਅਦਾ ਕਰ ਸਕਦੇ ਹਨ। ਕਿਉਂਕਿ ਜਿਨ੍ਹਾਂ ਵਿਧਾਨ ਸਭਾ ਖੇਤਰਾਂ ਵਿਚ ਜ਼ਿਮਨੀ ਚੋਣਾਂ ਹੋ ਰਹੀਆਂ ਹਨ, ਉਨ੍ਹਾਂ ਵਿਚ ਚੱਬੇਵਾਲ ਸੀਟ ਅਜਿਹੀ ਹੈ ਜੋ ਰਿਜ਼ਰਵ ਹੈ।
ਕਾਂਗਰਸ ਪਾਰਟੀ ਵੱਲੋਂ 2021 ਵਿਚ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਾਉਣ ਦੇ ਬਾਅਦ ਉਹ ਤੇਜ਼ੀ ਨਾਲ ਦਲਿਤ ਲੀਡਰ ਬਣ ਕੇ ਉੱਭਰੇ ਸਨ। 2022 ਵਿਚ ਚੰਨੀ ਦੋ ਵਾਰ ਵਿਧਾਨ ਸਭਾ ਸੀਟਾਂ ’ਤੇ ਚੋਣ ਲੜੇ ਪਰ ਹਾਰ ਗਏ। 202 ਲਈ ਲੋਕ ਸਭਾ ਚੋਣ ਵਿਚ ਪਾਰਟੀ ਨੇ ਉਨ੍ਹਾਂ ’ਤੇ ਦਾਅ ਖੇਡਿਆ। ਦੋਆਬਾ ਐੱਸਸੀ ਰਾਜਨੀਤੀ ਦੀ ਸਭ ਤੋਂ ਵੱਡੀ ਜ਼ਮੀਨ ਹੈ। ਚੰਨੀ ਨੇ ਜਲੰਧਰ ਸੀਟ ’ਤੇ ਸ਼ਾਨਦਾਰ ਜਿੱਤ ਹਾਸਲ ਕੀਤੀ। ਚੱਬੇਵਾਲ ਵਿਧਾਨ ਸਭਾ ਖੇਤਰ ਵੀ ਦੋਆਬਾ ’ਚ ਆਉਂਦਾ ਹੈ। ਅਜਿਹੇ ਵਿਚ ਪਾਰਟੀ ਨੂੰ ਚੰਨੀ ਤੋਂ ਵੱਡੀਆਂ ਉਮੀਦਾਂ ਹਨ।
ਚੱਬੇਵਾਲ ਸੀਟ ਪਾਰਟੀ ਲਈ ਇਸ ਲਈ ਵੀ ਮਹੱਤਵਪੂਰਨ ਹੈ, ਕਿਉਂਕਿ ਉੱਥੇ ਕਾਂਗਰਸ ਦਾ ਮੁਕਾਬਲਾ ਖੁਦ ਕਾਂਗਰਸ ਦੇ ਨਾਲ ਹੈ। ਇਸ ਸੀਟ ’ਤੇ ਕਾਂਗਰਸ ਦੀ ਟਿਕਟ ’ਤੇ ਡਾ.ਰਾਜ ਕੁਮਾਰ ਚੱਬੇਵਾਲ ਦੋ ਵਾਰ ਚੋਣਾਂ ਜਿੱਤੇ ਸਨ। ਹਾਲਾਂਕਿ ਬਾਅਦ ਵਿਚ ਉਹ ਆਮ ਆਦਮੀ ਪਾਰਟੀ ’ਚ ਚਲੇ ਗਏ ਤੇ ਹੁਸ਼ਿਆਰਪੁਰ ਤੋਂ ਸੰਸਦ ਮੈਂਬਰ ਚੁਣੇ ਗਏ। ਹੁਣ ਉਨ੍ਹਾਂ ਦਾ ਪੁੱਤਰ ਡਾ. ਈਸ਼ਾਂਕ ਕੁਮਾਰ ਆਮ ਆਦਮੀ ਪਾਰਟੀ ਦੀ ਟਿਕਟ ’ਤੇ ਚੋਣ ਲੜ ਰਿਹਾ ਹੈ। ਡਾ. ਰਾਜਕੁਮਾਰ ਚੱਬੇਵਾਲ ਵੱਲੋਂ ਪਾਰਟੀ ਛੱਡਣ ਦੇ ਕਾਰਣ ਕਾਂਗਰਸ ਨੂੰ ਬਹੁਜਨ ਸਮਾਜ ਪਾਰਟੀ ਦਾ ਉਮੀਦਵਾਰ ਲਿਆ ਕੇ ਚੋਣ ਮੈਦਾਨ ’ਚ ਖੜ੍ਹਾ ਕਰਨਾ ਪਿਆ। ਪਾਰਟੀ ਨੇ ਰੰਜੀਤ ਕੁਮਾਰ ਨੂੰ ਉਮੀਦਵਾਰ ਬਣਾਇਆ ਹੈ। ਪਾਰਟੀ ਲਈ ਚੱਬੇਵਾਲ ਦੀ ਸੀਟ ਅਹਿਮ ਹੈ। ਜਾਣਕਾਰੀ ਮੁਤਾਬਕ ਚੰਨੀ ਨੇ ਪਾਰਟੀ ਅਗਵਾਈ ਨੂੰ ਭਰੋਸਾ ਦਿੱਤਾ ਹੈ ਕਿ ਆਖਰੀ ਦਿਨਾਂ ਵਿਚ ਉਹ ਚੋਣ ਪ੍ਰਚਾਰ ਲਈ ਚੱਬੇਵਾਲ ਜਾਣਗੇ। ਦੱਸ ਦਈਏ ਕਿ 13 ਨਵੰਬਰ ਨੂੰ ਜ਼ਿਮਨੀ ਚੋਣ ਲਈ ਵੋਟਾਂ ਪੈਣੀਆਂ ਹਨ।