ਦੂਜੀਆਂ ਪਾਰਟੀਆਂ ਦੀ ਮਦਦ ਲਈ ਅਕਾਲੀ ਦਲ ਨੇ ਛੱਡਿਆ ਜ਼ਿਮਨੀ ਚੋਣਾਂ ਦਾ ਮੈਦਾਨ

ਚੰਡੀਗੜ੍ਹ – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੇ ਕਿਹਾ ਕਿ ਅਕਾਲੀ ਦਲ ਨੇ ਕਾਂਗਰਸ, ਆਪ ਤੇ ਭਾਜਪਾ ਦੀ ਮੱਦਦ ਕਰਨ ਲਈ ਜ਼ਿਮਨੀ ਚੋਣਾਂ ਦਾ ਬਾਈਕਾਟ ਕੀਤਾ ਹੈ,ਕਿਉਂਕਿ ਇਹਨਾਂ ਪਾਰਟੀਆਂ ਨੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਚੋਣ ਵਿਚ ਅਕਾਲੀ ਉਮੀਦਵਾਰ ਭਾਈ ਹਰਜਿੰਦਰ ਸਿੰਘ ਦੀ ਮੱਦਦ ਕੀਤੀ ਹੈ।

ਬੀਬੀ ਜਗੀਰ ਕੌਰ ਨੇ ਕਿਹਾ ਕਿ ਜੇਕਰ ਸਚਮੁੱਚ ਅਕਾਲੀ ਦਲ ਨੇ ਚੋਣਾਂ ਦਾ ਬਾਈਕਾਟ ਕੀਤਾ ਹੈ ਤਾਂ ਉਹ 1992 ਦੀ ਤਰ੍ਹਾਂ ਪਾਰਟੀ ਵਰਕਰਾਂ ਨੂੰ ਕਿਸੇ ਵੀ ਉਮੀਦਵਾਰ ਨੂੰ ਵੋਟ ਨਾ ਪਾਉਣ ਜਾਂ ਫਿਰ ਨੋਟਾ ਨੂੰ ਵੋਟ ਪਾਉਣ ਦੀ ਅਪੀਲ ਕਰਨ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦੀ ਲੀਡਰਸ਼ਿਪ ਨੇ ਜਾਣਬੁੱਝ ਕੇ ਲੋਕਾਂ ਨੂੰ ਗੁਮਰਾਹ ਕਰਨ ਲਈ ਉਨ੍ਹਾਂ (ਜਗੀਰ ਕੌਰ) ਖ਼ਿਲਾਫ਼ ਗਲਤ ਬਿਰਤਾਂਤ ਸਿਰਜਿਆ ਹੈ। ਬੀਬੀ ਜਗੀਰ ਕੌਰ ਨੇ ਕਿਹਾ ਕਿ ਬਲਵਿੰਦਰ ਸਿੰਘ ਬੈਂਸ ਤੇ ਸੁਖਜੀਤ ਸਿੰਘ ਲੋਹਗੜ੍ਹ ਨੂੰ ਕਾਂਗਰਸ ਨੇ ਉਨ੍ਹਾਂ ਨੂੰ ਵੋਟ ਪਾਉਣ ਤੋਂ ਰੋਕਿਆ। ਇਸੀ ਤਰ੍ਹਾਂ ਭਾਜਪਾ ਨੇਤਾ ਮਨਪ੍ਰੀਤ ਸਿੰਘ ਬਾਦਲ ਨੇ ਆਪਣੇ ਨਜ਼ਦੀਕੀ ਨਵਤੇਜ ਸਿੰਘ ਕੌਣੀ ਨੂੰ ਅਕਾਲੀ ਦਲ ਦੇ ਹੱਕ ’ਚ ਭੁਗਤਾਇਆ।