ਨਵੀਂ ਦਿੱਲੀ- ICC ਨੇ ਮੰਗਲਵਾਰ ਨੂੰ ਤਾਜ਼ਾ ਮਹਿਲਾ ਵਨਡੇ ਰੈਂਕਿੰਗ ਜਾਰੀ ਕੀਤੀ। ਇਸ ਰੈਂਕਿੰਗ ‘ਚ ਭਾਰਤੀ ਮਹਿਲਾ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ 9ਵੇਂ ਸਥਾਨ ‘ਤੇ ਪਹੁੰਚ ਗਈ ਹੈ। ਇਸ ਦੇ ਨਾਲ ਹੀ ਸਲਾਮੀ ਬੱਲੇਬਾਜ਼ ਸਮ੍ਰਿਤੀ ਮੰਧਾਨਾ ਚੌਥੇ ਸਥਾਨ ‘ਤੇ ਰਹੀ। ਹਾਲ ਹੀ ‘ਚ ਨਿਊਜ਼ੀਲੈਂਡ ਦੀ ਮਹਿਲਾ ਟੀਮ ਨੇ ਭਾਰਤ ਦਾ ਦੌਰਾ ਕੀਤਾ। ਇਸ ਦੌਰਾਨ ਦੋਵਾਂ ਟੀਮਾਂ ਵਿਚਾਲੇ 3 ਵਨਡੇ ਮੈਚਾਂ ਦੀ ਸੀਰੀਜ਼ ਖੇਡੀ ਗਈ ਸੀ।
ਸੀਰੀਜ਼ ਦੇ ਪਹਿਲੇ ਵਨਡੇ ‘ਚ ਹਰਮਨਪ੍ਰੀਤ ਕੌਨ ਨੇ ਨਾਬਾਦ 54 ਦੌੜਾਂ ਤੇ ਦੂਜੇ ਮੈਚ ‘ਚ 24 ਦੌੜਾਂ ਬਣਾਈਆਂ। ਇਸ ਤੋਂ ਬਾਅਦ ਉਹ ਤਿੰਨ ਸਥਾਨ ਹੇਠਾਂ ਖਿਸਕ ਗਈ। ਹਾਲਾਂਕਿ ਆਖਰੀ ਵਨਡੇ ‘ਚ ਉਨ੍ਹਾਂ 63 ਗੇਂਦਾਂ ‘ਤੇ 59 ਦੌੜਾਂ ਦੀ ਅਜੇਤੂ ਪਾਰੀ ਖੇਡ ਕੇ ਭਾਰਤ ਨੂੰ ਜਿੱਤ ਦਿਵਾਈ। ਇਸ ਪਾਰੀ ਦੀ ਬਦੌਲਤ ਉਹ ਟਾਪ-10 ‘ਚ ਵਾਪਸ ਆ ਗਈ ਹੈ।
ਸਮ੍ਰਿਤੀ ਮੰਧਾਨਾ ਨੇ ਤੀਜੇ ਵਨਡੇ ‘ਚ ਸੈਂਕੜਾ ਜੜਿਆ ਸੀ। ਉਨ੍ਹਾਂ 122 ਗੇਂਦਾਂ ‘ਤੇ 100 ਦੌੜਾਂ ਦੀ ਪਾਰੀ ਖੇਡੀ। ਮੰਧਾਨਾ ਨੇ ਮਹਿਲਾ ਵਨਡੇ ਰੈਂਕਿੰਗ ‘ਚ ਟਾਪ-5 ‘ਚ ਪ੍ਰਵੇਸ਼ ਕਰ ਲਿਆ ਹੈ। ਉਹ 728 ਅੰਕ ਲੈ ਕੇ ਚੌਥੇ ਸਥਾਨ ‘ਤੇ ਹਨ। ਇੰਗਲੈਂਡ ਦੀ ਨਤਾਲੀ ਸਾਈਵਰ-ਬਰੰਟ 760 ਰੇਟਿੰਗ ਅੰਕ ਦੇ ਨਾਲ ਟਾਪ ‘ਤੇ, ਸਾਊਥ ਅਫਰੀਕਾ ਦੀ ਲੌਰਾ ਵੋਲਵਾਡਰਟ 756 ਅੰਕਾਂ ਨਾਲ ਦੂਸਰੀ ਤੇ ਸ੍ਰੀਲੰਕਾ ਦੀ ਅਥਾਪਥੂ 733 ਰੇਟਿੰਗ ਅੰਕ ਨਾਲ ਤੀਜੇ ਨੰਬਰ ‘ਤੇ ਹਨ।
ਭਾਰਤ ਦੀ ਵਿਕਟਕੀਪਰ ਬੱਲੇਬਾਜ਼ ਯਸਤਿਕਾ ਭਾਟੀਆ 48ਵੇਂ ਤੋਂ 45ਵੇਂ ਸਥਾਨ ‘ਤੇ ਪਹੁੰਚ ਗਈ ਹੈ। ਭਾਰਤ ਦੀ ਤਜਰਬੇਕਾਰ ਸਪਿਨਰ ਦੀਪਤੀ ਸ਼ਰਮਾ ਮਹਿਲਾ ਵਨਡੇ ਗੇਂਦਬਾਜ਼ੀ ਰੈਂਕਿੰਗ ‘ਚ ਦੂਜੇ ਸਥਾਨ ‘ਤੇ ਹੈ। ਉਸਦੀ ਰੇਟਿੰਗ 703 ਹੈ। ਇੰਗਲੈਂਡ ਦੀ ਖੱਬੇ ਹੱਥ ਦੀ ਸਪਿਨਰ ਸੋਫੀ ਏਕਲਸਟੋਨ 770 ਰੇਟਿੰਗ ਅੰਕਾਂ ਨਾਲ ਸਿਖਰ ‘ਤੇ ਹੈ। ਭਾਰਤੀ ਤੇਜ਼ ਗੇਂਦਬਾਜ਼ ਰੇਣੁਕਾ ਸਿੰਘ 4 ਸਥਾਨਾਂ ਦੀ ਛਾਲ ਮਾਰ ਕੇ 32ਵੇਂ ਸਥਾਨ ‘ਤੇ ਪਹੁੰਚ ਗਈ ਹੈ। ਜਦਕਿ ਸਾਇਮਾ ਠਾਕੋਰ 77ਵੇਂ ਅਤੇ ਪ੍ਰਿਆ ਮਿਸ਼ਰਾ 83ਵੇਂ ਸਥਾਨ ‘ਤੇ ਪਹੁੰਚ ਗਈ ਹੈ।