14 ਮਿਲੀਅਨ ਦੀ ਆਬਾਦੀ ਵਾਲਾ ਲਾਹੌਰ ਸ਼ਹਿਰ ਅਕਤੂਬਰ ਤੋਂ ਹੀ ਧੁੰਦ ਦਾ ਸਾਹਮਣਾ ਕਰ ਰਿਹਾ ਹੈ। ਸ਼ਹਿਰ ਦਾ ਏਅਰ ਕੁਆਲਿਟੀ ਇੰਡੈਕਸ (AQI) ਵੀਰਵਾਰ ਨੂੰ 1000 ਸੀ ਅਤੇ ਸ਼ੁੱਕਰਵਾਰ ਨੂੰ AQI 600 ਤੋਂ ਉੱਪਰ ਸੀ। 300 ਤੋਂ ਉੱਪਰ ਹੋਣਾ ਖ਼ਤਰਨਾਕ ਮੰਨਿਆ ਜਾਂਦਾ ਹੈ। ਘੰਟਿਆਂਬੱਧੀ ਪੈ ਰਹੀ ਧੁੰਦ ਕਾਰਨ ਸ਼ਹਿਰ ਵਾਸੀਆਂ ਨੂੰ ਹਨੇਰੇ ਵਿੱਚ ਜੀਵਨ ਬਤੀਤ ਕਰਨਾ ਪਿਆ। ਵਿਜ਼ੀਬਿਲਟੀ ਲਗਪਗ 100 ਮੀਟਰ ਤੱਕ ਘਟ ਗਈ।
ਰਾਜਧਾਨੀ ਲਾਹੌਰ ਸਮੇਤ ਪੰਜਾਬ ਦੇ 18 ਜ਼ਿਲ੍ਹਿਆਂ ਵਿੱਚ ਸਰਕਾਰੀ ਮੁਲਾਜ਼ਮਾਂ ਨੂੰ ਘਰੋਂ ਹੀ ਕੰਮ ਕਰਨਾ ਪੈ ਰਿਹਾ ਹੈ। ਸ਼ੁੱਕਰਵਾਰ ਨੂੰ ਲਾਹੌਰ ਦੀ ਇਕ ਅਦਾਲਤ ਨੇ ਸਾਰੇ ਬਾਜ਼ਾਰਾਂ ਨੂੰ ਰਾਤ 8 ਵਜੇ ਤੋਂ ਬਾਅਦ ਬੰਦ ਕਰਨ ਦਾ ਹੁਕਮ ਦਿੱਤਾ ਹੈ। ਅਧਿਕਾਰੀਆਂ ਨੇ ਪਹਿਲਾਂ ਹੀ ਮੈਰਿਜ ਹਾਲਾਂ ਨੂੰ ਰਾਤ 10 ਵਜੇ ਤੱਕ ਬੰਦ ਕਰਨ ਦੇ ਹੁਕਮ ਦਿੱਤੇ ਹਨ।
ਪਾਕਿਸਤਾਨ ਦੇ ਪੰਜਾਬ ਸੂਬੇ ਦੀ ਸਰਕਾਰ ਖ਼ਿਲਾਫ਼ ਤਿੰਨ ਸਾਲ ਦੀ ਬੱਚੀ ਨੇ ਲਾਹੌਰ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਹੈ। ਪਟੀਸ਼ਨ ਵਿੱਚ ਕਿਹਾ ਗਿਆ ਹੈ ਕਿ ਸੰਵਿਧਾਨ ਦੀ ਧਾਰਾ 99-ਏ ਤਹਿਤ ਸਰਕਾਰ ਲੋਕਾਂ ਨੂੰ ਸਾਫ਼-ਸੁਥਰਾ ਤੇ ਸਿਹਤਮੰਦ ਵਾਤਾਵਰਨ ਮੁਹੱਈਆ ਕਰਵਾਉਣ ਲਈ ਪਾਬੰਦ ਹੈ। ਇਹ ਪਟੀਸ਼ਨ ਸੂਬਾਈ ਰਾਜਧਾਨੀ ਲਾਹੌਰ ਦੇ ਲਗਾਤਾਰ ਦੁਨੀਆ ਦੇ ਸਭ ਤੋਂ ਪ੍ਰਦੂਸ਼ਿਤ ਸ਼ਹਿਰ ਬਣੇ ਰਹਿਣ ਅਤੇ ਧੂੰਏਂ ਦੇ ਗੰਭੀਰ ਪ੍ਰਭਾਵਾਂ ਹੇਠ ਰਹਿਣ ਦੀ ਮਜਬੂਰੀ ਨੂੰ ਲੈ ਕੇ ਦਾਇਰ ਕੀਤੀ ਗਈ ਹੈ।
ਸ਼ਹਿਰ ਦਾ ਏਅਰ ਕੁਆਲਿਟੀ ਇੰਡੈਕਸ (AQI) ਵੀਰਵਾਰ ਸਵੇਰੇ 800 ਤੋਂ ਉੱਪਰ ਰਿਹਾ, ਇਸ ਸਾਲ ਲਾਹੌਰ ਦਾ AQI ਕਈ ਵਾਰ 1000 ਤੋਂ ਉੱਪਰ ਪਹੁੰਚ ਗਿਆ। ਲਗਾਤਾਰ ਅਤੇ ਲੰਬੇ ਸਮੇਂ ਤੱਕ ਚੱਲ ਰਹੇ ਮਾੜੇ ਪ੍ਰਦੂਸ਼ਣ ਨੇ ਵਸਨੀਕਾਂ ਦਾ ਘਰਾਂ ਤੋਂ ਬਾਹਰ ਨਿਕਲਣਾ ਅਸੰਭਵ ਬਣਾ ਦਿੱਤਾ ਹੈ। ਹਸਪਤਾਲਾਂ ਵਿੱਚ ਸਾਹ ਦੀ ਤਕਲੀਫ਼ ਤੋਂ ਪੀੜਤ ਲੋਕਾਂ ਦੀ ਭੀੜ ਹੈ। ਖ਼ਰਾਬ ਹਵਾ ਕਾਰਨ ਸੂਬੇ ਦੇ ਹਜ਼ਾਰਾਂ ਵਸਨੀਕਾਂ ਨੂੰ ਸਾਹ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਸਰਕਾਰ ਅਤੇ ਡਾਕਟਰਾਂ ਨੇ ਲੋਕਾਂ ਨੂੰ ਘਰੋਂ ਬਾਹਰ ਨਿਕਲਣ ਸਮੇਂ ਮਾਸਕ ਪਹਿਨਣ ਦੀ ਸਲਾਹ ਦਿੱਤੀ ਹੈ। ਸਰਕਾਰ ਨੇ ਪੂਰੇ ਸੂਬੇ ਵਿੱਚ ਸਮੋਗ ਐਮਰਜੈਂਸੀ ਲਾਗੂ ਕਰ ਦਿੱਤੀ ਹੈ ਅਤੇ 17 ਨਵੰਬਰ ਤੱਕ ਉੱਚ ਸੈਕੰਡਰੀ ਪੱਧਰ ਦੇ ਸਾਰੇ ਵਿਦਿਅਕ ਅਦਾਰੇ ਬੰਦ ਕਰਨ ਦੇ ਹੁਕਮ ਦਿੱਤੇ ਹਨ।