ਕਲਾਨੌਰ – ਸੈਕਟਰ ਗੁਰਦਾਸਪੁਰ ਅਧੀਨ ਆਉਂਦੀ ਬੀਐੱਸਐੱਫ ਦੀ 27 ਬਟਾਲੀਅਨ ਅਤੇ ਪੁਲਿਸ ਥਾਣਾ ਡੇਰਾ ਬਾਬਾ ਨਾਨਕ ਵੱਲੋਂ ਸਾਂਝੇ ਸਰਚ ਅਭਿਆਨ ਦੌਰਾਨ ਖੇਤਾਂ ਵਿੱਚੋਂ ਦੋ ਡ੍ਰੋ ਅਤੇ ਇੱਕ ਹੈਰੋਇਨ ਦਾ ਪੈਕਟ ਬਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।
ਜਾਣਕਾਰੀ ਅਨੁਸਾਰ ਬੀਐੱਸਐੱਫ ਦੀ 27 ਬਟਾਲੀਅਨ ਦੀ ਬੀਓਪੀ ਮੇਤਲਾ ਤੇ ਜਵਾਨਾਂ ਵੱਲੋਂ ਸੋਮਵਾਰ ਦੀ ਰਾਤ 10.15 ਵਜੇ ਦੇ ਕਰੀਬ ਪਾਕਿਸਤਾਨ ਵਾਲੇ ਪਾਸੇ ਤੋਂ ਭਾਰਤੀ ਖੇਤਰ ਵਿੱਚ ਪ੍ਰਵੇਸ਼ ਕਰ ਰਹੇ ਡ੍ਰੋਨ ਤੇ ਪੰਜ ਫਾਇਰ ਅਤੇ ਇੱਕ ਇਲੂ ਬੰਬ ਦਾਗਿਆ ਗਿਆ। ਮੰਗਲਵਾਰ ਨੂੰ ਕੀਤੇ ਗਏ ਸਰਚ ਅਭਿਆਨ ਦੌਰਾਨ ਬੀਐੱਸਐੱਫ ਤੇ ਪੰਜਾਬ ਪੁਲਿਸ ਦੇ ਜਵਾਨਾਂ ਵੱਲੋਂ ਪਿੰਡ ਸ਼ਾਹਪੁਰ ਕਰਾਇਆ ਦੇ ਖੇਤਾਂ ਵਿੱਚੋਂ ਇੱਕ ਡ੍ਰੋਨ ਅਤੇ ਉਸ ਨਾਲ ਬੰਨਿਆ ਹੋਇਆ ਇੱਕ ਹੈਰੋਇਨ ਦਾ ਪੈਕਟ ਬਰਾਮਦ ਕੀਤਾ ਗਿਆ। ਜਾਂਚ ਪੜਤਾਲ ਉਪਰੰਤ ਪੈਕੇਟ ਵਿੱਚੋਂ 500 ਗਰਾਮ ਹੈਰੋਇਨ ਬਰਾਮਦ ਕੀਤੀ ਗਈ। ਇਸ ਤਰ੍ਹਾਂ ਹੀ ਪਿੰਡ ਸ਼ਾਹਪੁਰ ਗੁਰਾਇਆ ਦੇ ਕਿਸਾਨ ਵੱਲੋਂ ਬੀਐੱਸਐੱਫ ਨੂੰ ਸੂਚਨਾ ਦਿੱਤੀ ਕਿ ਉਸ ਦੇ ਗੋਭੀ ਦੇ ਖੇਤਾਂ ਵਿੱਚ ਵੀ ਇੱਕ ਡ੍ਰੋਨ ਡਿੱਗਾ ਹੋਇਆ ਹੈ ਜਿਸ ਨੂੰ ਜਵਾਨਾਂ ਵੱਲੋਂ ਬਰਾਮਦ ਕੀਤਾ ਗਿਆ। ਇਸ ਸਬੰਧੀ ਪੁਲਿਸ ਥਾਣਾ ਡੇਰਾ ਬਾਬਾ ਨਾਨਕ ਵੱਲੋਂ ਦੋਵੇਂ ਡ੍ਰੋਨਾਂ ਅਤੇ ਹੈਰੋਇਨ ਬਰਾਮਦ ਕਰਨ ਉਪਰੰਤ ਅਣਪਛਾਤੇ ਅਨਸਰਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।।
ਇੱਥੇ ਦੱਸਣਯੋਗ ਹੈ ਕਿ ਸਰਹੱਦ ‘ਤੇ ਤੈਨਾਤ ਬੀਐਸਐਫ ਦੇ ਜਵਾਨਾਂ ਦੀ ਚੌਕਸੀ ਦੇ ਬਾਵਜੂਦ ਪਾਕਿਸਤਾਨੀ ਤਸਕਰਾਂ ਵੱਲੋਂ ਭਾਰਤੀ ਖੇਤਰ ਵਿੱਚ ਡ੍ਰੋਨ ਦੇ ਜ਼ਰੀਏ ਨਸ਼ੀਲੇ ਪਦਾਰਥ ਭੇਜੇ ਜਾ ਰਹੇ ਹਨ।