ਟੋਕੀਓ- ਜਾਪਾਨ ਦੀ ਸੰਸਦ ਨੇ ਇੱਕ ਵਾਰ ਫਿਰ ਸ਼ਿਗੇਰੂ ਇਸ਼ੀਬਾ ਨੂੰ ਦੇਸ਼ ਦਾ ਪ੍ਰਧਾਨ ਮੰਤਰੀ ਚੁਣ ਲਿਆ ਹੈ। ਸੱਤਾਧਾਰੀ ਗੱਠਜੋੜ ਨੂੰ ਹਾਲ ਹੀ ’ਚ ਇੱਕ ਦਹਾਕੇ ਤੋਂ ਵੱਧ ਸਮੇਂ ’ਚ ਆਪਣੀ ਸਭ ਤੋਂ ਵੱਡੀ ਚੋਣ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਇਸ ਕਾਰਨ ਉਨ੍ਹਾਂ ਨੂੰ ਸਹੁੰ ਚੁੱਕਣ ਤੋਂ ਇਕ ਮਹੀਨੇ ਬਾਅਦ ਹੀ ਦੂਜੀ ਕੈਬਨਿਟ ਬਣਾਉਣ ਲਈ ਮਜਬੂਰ ਹੋਣਾ ਪਿਆ।
ਇਸ਼ੀਬਾ ਦੀ ਲਿਬਰਲ ਡੈਮੋਕ੍ਰੇਟਿਕ ਪਾਰਟੀ (ਐੱਲਡੀਪੀ) ਤੇ ਸਹਿਯੋਗੀ ਕੋਮੇਇਟੋ ਨੇ 27 ਅਕਤੂਬਰ ਨੂੰ ਹੋਈਆਂ ਚੋਣਾਂ ’ਚ 465 ਮੈਂਬਰੀ ਹੇਠਲੇ ਸਦਨ ’ਚ ਆਪਣਾ ਬਹੁਮਤ ਗਵਾ ਲਿਆ।
ਸੱਤਾਧਾਰੀ ਗੱਠਜੋੜ ਨੂੰ ਐੱਲਡੀਪੀ ਆਗੂਆਂ ‘ਤੇ ਲੱਗੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਕਾਰਨ ਹਾਰ ਦਾ ਮੂੰਹ ਦੇਖਣਾ ਪਿਆ ਸੀ। ਆਮ ਚੋਣਾਂ ਦੇ 30 ਦਿਨਾਂ ਦੇ ਅੰਦਰ ਨਵੇਂ ਨੇਤਾ ਦੀ ਚੋਣ ਲਈ ਜ਼ਰੂਰੀ ਵੋਟਿੰਗ ਲਈ ਸੋਮਵਾਰ ਨੂੰ ਸੰਸਦ ਦਾ ਵਿਸ਼ੇਸ਼ ਸੈਸ਼ਨ ਬੁਲਾਇਆ ਗਿਆ ਸੀ। 30 ਸਾਲਾਂ ’ਚ ਦੇਸ਼ ’ਚ ਹੋਈ ਪਹਿਲੀ ਦੌੜ ‘ਚ ਇਸ਼ੀਬਾ ਨੇ ਵਿਰੋਧੀ ਧਿਰ ਦੇ ਨੇਤਾ ਯੋਸ਼ੀਹਿਕੋ ਨੋਡਾ ਨੂੰ 221 ਦੇ ਮੁਕਾਬਲੇ 160 ਵੋਟਾਂ ਨਾਲ ਹਰਾਇਆ।
ਇਸ਼ੀਬਾ ਨੇ ਵਿਦੇਸ਼ ਮੰਤਰੀ ਤਾਕੇਸ਼ੀ ਇਵਾਯਾ, ਰੱਖਿਆ ਮੰਤਰੀ ਜਨਰਲ ਨਕਾਤਾਨੀ ਅਤੇ ਮੁੱਖ ਕੈਬਨਿਟ ਸਕੱਤਰ ਯੋਸ਼ੀਮਾਸਾ ਹਯਾਸ਼ੀ ਸਮੇਤ ਆਪਣੇ ਪਿਛਲੇ ਮੰਤਰੀ ਮੰਡਲ ਦੇ ਜ਼ਿਆਦਾਤਰ ਮੈਂਬਰਾਂ ਨੂੰ ਫਿਰ ਤੋਂ ਨਿਯੁਕਤ ਕੀਤਾ। ਹਾਲਾਂਕਿ ਉਨ੍ਹਾਂ ਨੂੰ ਆਪਣੀ ਸੀਟ ਗੁਆਉਣ ਵਾਲੇ ਤਿੰਨ ਲੋਕਾਂ ਨੂੰ ਬਦਲਣਾ ਪਿਆ।