ਢਾਕਾ – ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਖ਼ਿਲਾਫ਼ ਇੰਟਰਪੋਲ ਤੋਂ ਰੈੱਡ ਨੋਟਿਸ ਜਾਰੀ ਕਰਵਾਉਣ ਦੀ ਤਿਆਰੀ ਚੱਲ ਰਹੀ ਹੈ। ਦੇਸ਼ ਦੇ ਅੰਤਰਰਾਸ਼ਟਰੀ ਅਪਰਾਧ ਟ੍ਰਿਬਿਊਨਲ (ਆਈਸੀਟੀ) ਦੇ ਮੁੱਖ ਇਸਤਗਾਸਾ ਨੇ ਆਈਜੀ ਨੂੰ ਪੱਤਰ ਲਿਖ ਕੇ ਇੰਟਰਪੋਲ ਰਾਹੀਂ ਹਸੀਨਾ ਖ਼ਿਲਾਫ਼ ਇਹ ਨੋਟਿਸ ਜਾਰੀ ਕਰਵਾਉਣ ਲਈ ਕਦਮ ਚੁੱਕਣ ਲਈ ਕਿਹਾ ਹੈ। ਜ਼ਿਕਰਯੋਗ ਹੈ ਕਿ ਹਿੰਸਕ ਵਿਦਿਆਰਥੀ ਅੰਦੋਲਨ ਕਾਰਨ ਪਿਛਲੀ ਪੰਜ ਅਗਸਤ ਨੂੰ ਸ਼ੇਖ ਹਸੀਨਾ ਦੀ ਅਗਵਾਈ ਵਾਲੀ ਅਵਾਮੀ ਲੀਗ ਸਰਕਾਰ ਦਾ ਪਤਨ ਹੋ ਗਿਆ ਸੀ। ਹਸੀਨਾ ਨੂੰ ਦੇਸ਼ ਛੱਡਣਾ ਪਿਆ ਸੀ ਤੇ ਤਦ ਤੋਂ ਉਹ ਭਾਰਤ ’ਚ ਹੈ।
ਸਥਾਨਕ ਮੀਡੀਆ ’ਚ ਆਈਸੀਟੀ ਸੂਤਰਾਂ ਦੇ ਹਵਾਲੇ ਨਾਲ ਦੱਸਿਆ ਗਿਆ ਹੈ ਕਿ ਇਸ ਸੰਦਰਭ ’ਚ ਮੁੱਖ ਇਸਤਗਾਸਾ ਮੁਹੰਮਦ ਤਾਜੁਲ ਇਸਲਾਮ ਨੇ ਆਈਜੀ ਮੁਹੰਮਦ ਮੋਇਨੁਲ ਇਸਲਾਮ ਨੂੰ ਪੱਤਰ ਭੇਜਿਆ ਹੈ। ਇਸ ਤੋਂ ਪਹਿਲਾਂ ਐਤਵਾਰ ਨੂੰ ਅੰਤ੍ਰਿਮ ਸਰਕਾਰ ਦੇ ਕਾਨੂੰਨ ਮਾਮਲਿਆਂ ਦੇ ਸਲਾਹਕਾਰ ਆਸਿਫ਼ ਨਜਰੁਲ ਨੇ ਕਿਹਾ ਸੀ ਕਿ ਬੰਗਲਾਦੇਸ਼ ਮਨੁੱਖਤਾ ਖ਼ਿਲਾਫ਼ ਕਥਿਤ ਅਪਰਾਧਾਂ ਦਾ ਸਾਹਮਣਾ ਕਰਨ ਲਈ ਸ਼ੇਖ ਹਸੀਨਾ ਤੇ ਹੋਰ ਭਗੌੜਿਆਂ ਨੂੰ ਭਾਰਤ ਤੋਂ ਵਾਪਸ ਲਿਆਉਣ ’ਚ ਇੰਟਰਪੋਲ ਤੋਂ ਮਦਦ ਮੰਗੇਗਾ। ਮੁਹੰਮਦ ਯੂਨਸ ਦੀ ਅਗਵਾਈ ਵਾਲੀ ਅੰਤ੍ਰਿਮ ਸਰਕਾਰ ਮੁਤਾਬਕ, ਅੰਦੋਲਨ ਦੌਰਾਨ 753 ਲੋਕ ਮਾਰੇ ਗਏ ਸਨ ਤੇ ਹਜ਼ਾਰਾਂ ਲੋਕ ਜ਼ਖ਼ਮੀ ਹੋਏ ਸਨ।
ਅਕਤੂਬਰ ਤੱਕ ਹਸੀਨਾ ਤੇ ਉਨ੍ਹਾਂ ਦੀ ਪਾਰਟੀ ਦੇ ਆਗੂਆਂ ਖ਼ਿਲਾਫ਼ ਮਨੁੱਖਤਾ ਖ਼ਿਲਾਫ਼ ਅਪਰਾਧ ਤੇ ਕਤਲੇਆਮ ਦੀਆਂ 60 ਤੋਂ ਵੱਧ ਸ਼ਿਕਾਇਤਾਂ ਦਰਜ ਕੀਤੀਆਂ ਗਈਆਂ ਸਨ। ਅਧਿਕਾਰੀਆਂ ਮੁਤਾਬਕ, ਰੈੱਡ ਨੋਟਿਸ ਕੋਈ ਅੰਤਰਰਾਸ਼ਟਰੀ ਗ੍ਰਿਫ਼ਤਾਰੀ ਵਾਰੰਟ ਨਹੀਂ ਹੈ। ਇਹ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਲਈ ਇਕ ਵਿਸ਼ਵ ਪੱਧਰੀ ਅਰਜ਼ੀ ਹੈ ਜਿਸ ਤਹਿਤ ਉਹ ਹਵਾਲਗੀ, ਆਤਮ ਸਮਰਪਣ ਜਾਂ ਇਸੇ ਤਰ੍ਹਾਂ ਦੀ ਕਾਨੂੰਨੀ ਕਾਰਵਾਈ ਤੱਕ ਕਿਸੇ ਵਿਅਕਤੀ ਦਾ ਪਤਾ ਲਾ ਕੇ ਉਸ ਨੂੰ ਅਸਥਾਈ ਰੂਪ ਨਾਲ ਗ੍ਰਿਫ਼ਤਾਰ ਕਰ ਸਕਣ। ਇੰਟਰਪੋਲ ਮੈਂਬਰ ਦੇਸ਼ ਆਪਣੇ ਰਾਸ਼ਟਰੀ ਕਾਨੂੰਨਾਂ ਮੁਤਾਬਕ, ਰੈੱਡ ਨੋਟਿਸ ਲਈ ਮਜਬੂਰ ਕਰ ਸਕਦੇ ਹਨ।