ਕੈਨੇਡਾ (ਗੁਰਮੁੱਖ ਸਿੰਘ ਬਾਰੀਆ)-
ਕੈਨੇਡਾ ‘ਚ ਭਾਵੇਂ ਇਮੀਗ੍ਰੇਸ਼ਨ ਨੀਤੀਆਂ ‘ਚ ਵੱਡੀਆਂ ਤਬਦੀਲੀਆਂ ਤੋਂ ਬਾਅਦ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਜਾਰੀ ਕੀਤੇ ਜਾਣ ਵਾਲੇ ਵੀਜ਼ਾ ਪਰਮਿਟਾਂ ‘ਚ ਵੱਡੀ ਕਮੀ ਆਈ ਹੈ ਪਰ ਇਸ ਦੇ ਨਾਲ ਹੀ ਮੌਜੂਦਾ ਅੰਤਰਰਾਸ਼ਟਰੀ ਵਿਦਿਆਰਥੀਆਂ ਵੱਲੋਂ ਸ਼ਰਨਾਰਥੀ ਕੇਸ ਪਾਉਣ ਦੇ ਰੁਝਾਨ ‘ਚ ਇੱਕਦਮ ਉਛਾਲ ਆਇਆ ਹੈ।
ਇਮੀਗ੍ਰੇਸ਼ਨ ਵਿਭਾਗ ਵੱਲੋਂ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਇਸ ਸਾਲ ਦੇ ਪਹਿਲੇ ਨੌ ਮਹੀਨਿਆਂ ‘ਚ ਹੀ 14 ਹਜਾਰ ਅੰਤਰਰਾਸ਼ਟਰੀ ਵਿਦਿਆਰਥੀਆਂ ਵੱਲੋਂ ਸ਼ਰਨਾਰਥੀ ਕੇਸ ਪਾਏ ਗਏ ਹਨ ਜਦੋਂ ਕਿ ਪਿਛਲੇ ਸਾਲ 2023 ਵਿੱਚ ਇਹ ਗਿਣਤੀ 12 ਹਜ਼ਾਰ ਦੇ ਕਰੀਬ ਸੀ। ਇਸੇ ਤਰ੍ਹਾਂ ਕਰਮਵਾਰ 2018 ‘ਚ ਇਹ ਗਿਣਤੀ ਕੇਵਲ 1810 ਹੀ ਸੀ।
ਇਹਨਾਂ ਅੰਕੜਿਆਂ ਤੋਂ ਪਤਾ ਚਲਦਾ ਹੈ ਕਿ ਬਹੁਤ ਸਾਰੇ ਅੰਤਰਰਾਸੀ ਵਿਦਿਆਰਥੀ ਜਿਨਾਂ ਦੀ ਪੜ੍ਹਾਈ ਹੁਣ ਉਨਾਂ ਸ਼੍ਰੇਣੀਆਂ ‘ਚ ਨਹੀਂ ਆਉਂਦੀ ਜਿਨਾਂ ਸ਼੍ਰੇਣੀਆਂ ਵਿੱਚ ਵਰਕ ਪਰਮਿਟ ਮਿਲ ਸਕਦਾ ਹੈ ਜਾਂ ਅਜਿਹੇ ਅੰਤਰਰਾਸ਼ਟਰੀ ਵਿਦਿਆਰਥੀ ਜੋ ਆਪਣੀ ਪੜ੍ਹਾਈ ਅੱਧ ਵਿਚਾਲੇ ਛੱਡ ਚੁੱਕੇ ਹਨ ਅਤੇ ਜਿਨਾਂ ਦੇ ਇਮੀਗਰੇਸ਼ਨ ਸਟੇਟਸ ਖਰਾਬ ਹੋ ਚੁੱਕੇ ਹਨ, ਉਹ ਹੁਣ ਕਿਸੇ ਤਰ੍ਹਾਂ ਕੈਨੇਡਾ ਵਿੱਚ ਹੋਰ ਸਮਾਂ ਰਹਿਣ ਲਈ ਸ਼ਰਨਾਰਥੀ ਕੇਸ ਪਾ ਰਹੇ ਹਨ।
ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਕਿਹਾ ਹੈ ਕਿ ਜਿਆਦਾਤਰ ਅੰਤਰਰਾਸ਼ਟਰੀ ਵਿਦਿਆਰਥੀਆਂ ਵੱਲੋਂ ਇਹ ਕਦਮ ਬਾਹਰਲੇ ਮੁਲਕਾਂ ‘ਚ ਕੰਮ ਕਰ ਰਹੇ ਇਮੀਗ੍ਰੇਸ਼ਨ ਏਜੰਟਾਂ ਦੀ ਸਲਾਹ ਨਾਲ ਕੀਤਾ ਗਿਆ ਹੈ।
ਮਿਲੀ ਜਾਣਕਾਰੀ ਸ਼ਰਨਾਰਥੀ ਕੇਸ ਪਾਉਣ ਵਾਲਿਆਂ ਦੀ ਗਿਣਤੀ ਗ੍ਰੇਟਰ ਟਰਾਂਟੋ ਏਰੀਆ ਅਤੇ ਇਸ ਦੇ ਆਸ ਪਾਸ ਦੇ ਕਾਲਜਾਂ ਵਿੱਚ ਪੜਨ ਵਾਲੇ ਵਿਦਿਆਰਥੀਆਂ ਦੀ ਜਿਆਦਾ ਹੈ ਇਹਨਾਂ ‘ਚ ਕਿਚਨਰ ਕਨਿਸਤੋਗਾ ਕਾਲਜ ਤੋਂ 550 ਵਿਦਿਆਰਥੀ, ਸਨੇਕਾ ਕਾਲਜ ਵੱਲੋਂ 490 ਅਤੇ ਨਿਆਗਰਾ ਫਾਲਜ਼ ਕਾਲਜ ਤੋਂ 410 ਕਲੇਮ ਸ਼ਰਨਾਰਥੀ ਕੇਸਾਂ ਦੇ ਪਾਏ ਗਏ ਹਨ।
ਇਮੀਗ੍ਰੇਸ਼ਨ ਮੰਤਰੀ ਨੇ ਅਜਿਹੇ ਲੋਕਾਂ ਨੂੰ ਸਖਤ ਸੁਨੇਹਾ ਦਿੱਤਾ ਹੈ ਕਿ ਉਹਨਾਂ ਨੂੰ ਇਹ ਗੱਲ ਸਮਝਣੀ ਚਾਹੀਦੀ ਹੈ ਕਿ ਕੈਨੇਡਾ ਵਿੱਚ ਸ਼ਰਨਾਰਥੀ ਕੇਸ ਪਾਉਣ ਦਾ ਜੋ ਪੈਮਾਨਾ ਹੈ, ਜੇਕਰ ਉਹ ਉਸ ਪੈਮਾਨੇ ‘ਤੇ ਪੂਰੇ ਨਹੀਂ ਉਤਰਦੇ ਤਾਂ ਉਨ੍ਹਾਂ ਨੂੰ ਵਾਪਸ ਜਾਣ ਦੀ ਤਿਆਰੀ ਕਰ ਲੈਣੀ ਚਾਹੀਦੀ ਹੈ ।
(ਗੁਰਮੁੱਖ ਸਿੰਘ ਬਾਰੀਆ)
ਕੈਨੇਡਾ ‘ਚ ਨੇ ਪਿੱਛਲੇ 9 ਮਹੀਨਿਆਂ ‘ਚ 14,000 ਦੇ ਕਰੀਬ ਅੰਤਰਰਾਸ਼ਟਰੀ ਵਿਦਿਆਰਥੀਆਂ ਨੇ ਸ਼ਰਨਾਰਥੀ ਅਰਜ਼ੀਆਂ ਪਾਈਆਂ 👉ਇਮੀਗਰੇਸ਼ਨ ਮੰਤਰੀ ਨੇ ਗੈਰ-ਵਾਜ਼ਬ ਕੇਸ ਪਾਉਣ ਵਾਲੇ ਵਾਪਸ ਜਾਣ ਦੀ ਤਿਆਰੀ ਕਰਨ
