ਪਾਕਿਸਤਾਨ ਵਿਚ ਹੋਣ ਵਾਲੀ ਚੈਂਪੀਅਨਜ਼ ਟਰਾਫੀ ਦੇ ਮਾਮਲੇ ਵਿਚ ਫ਼ਿਲਹਾਲ ਇੰਨਾ ਹੀ ਪਤਾ ਹੈ ਕਿ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਯਾਨੀ ਬੀਸੀਸੀਆਈ ਨੇ ਕੌਮਾਂਤਰੀ ਕ੍ਰਿਕਟ ਕੌਂਸਲ ਅਰਥਾਤ ਆਈਸੀਸੀ ਨੂੰ ਇਹ ਸੂਚਿਤ ਕਰ ਦਿੱਤਾ ਹੈ ਕਿ ਉਸ ਦੀ ਟੀਮ ਪਾਕਿਸਤਾਨ ਖੇਡਣ ਨਹੀਂ ਜਾਵੇਗੀ। ਖ਼ਬਰ ਹੈ ਕਿ ਪਾਕਿਸਤਾਨ ਕ੍ਰਿਕਟ ਬੋਰਡ ਯਾਨੀ ਪੀਸੀਬੀ ਨੇ ਆਈਸੀਸੀ ਤੋਂ ਪੁੱਛਿਆ ਹੈ ਕਿ ਬੀਸੀਸੀਆਈ ਇਹ ਦੱਸੇ ਕਿ ਉਹ ਕਿਹੜੇ ਕਾਰਨਾਂ ਕਾਰਨ ਆਪਣੀ ਟੀਮ ਉਨ੍ਹਾਂ ਦੇ ਮੁਲਕ ਵਿਚ ਨਹੀਂ ਭੇਜ ਰਿਹਾ। ਪਤਾ ਨੂੰ ਬੀਸੀਸੀਆਈ ਕੀ ਜਵਾਬ ਦਿੰਦਾ ਹੈ ਅਤੇ ਉਸ ਦੇ ਜਵਾਬ ਤੋਂ ਪੀਸੀਬੀ ਸੰਤੁਸ਼ਟ ਹੁੰਦਾ ਹੈ ਜਾਂ ਨਹੀਂ ਪਰ ਕਹਿਣਾ ਮੁਸ਼ਕਲ ਹੈ ਕਿ ਭਾਰਤੀ ਕ੍ਰਿਕਟ ਟੀਮ ਪਾਕਿਸਤਾਨ ਜਾਵੇਗੀ। ਹਾਲੇ ਇਹ ਵੀ ਤੈਅ ਨਹੀਂ ਕਿ ਜੇ ਭਾਰਤੀ ਟੀਮ ਪਾਕਿਸਤਾਨ ’ਚ ਨਹੀਂ ਜਾਂਦੀ ਤਾਂ ਉੱਥੇ ਚੈਂਪੀਅਨਜ਼ ਟਰਾਫੀ ਹੋਵੇਗੀ ਜਾਂ ਨਹੀਂ? ਇਹ ਵੀ ਸਪਸ਼ਟ ਨਹੀਂ ਕਿ ਜੇ ਚੈਂਪੀਅਨਜ਼ ਟਰਾਫੀ ਪਾਕਿਸਤਾਨ ਵਿਚ ਨਹੀਂ ਹੋਵੇਗੀ ਤਾਂ ਫਿਰ ਕੀ ਕਿਸੇ ਹੋਰ ਦੇਸ਼ ਵਿਚ ਹਾਈਬ੍ਰਿਡ ਤਰੀਕੇ ਨਾਲ ਹੋਵੇਗੀ?
ਇਸ ਤਹਿਤ ਕੁਝ ਮੈਚ ਪਾਕਿਸਤਾਨ ਵਿਚ ਹੋ ਸਕਦੇ ਹਨ ਅਤੇ ਕੁਝ ਹੋਰ ਮੁਲਕ ਵਿਚ। ਏਸ਼ੀਆ ਕੱਪ ਵੀ ਕਿਉਂਕਿ ਇਸੇ ਤਰ੍ਹਾਂ ਹੋ ਚੁੱਕਾ ਹੈ, ਇਸ ਲਈ ਇਸ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਰਿਹਾ ਹੈ। ਇਸ ਸਭ ਦੌਰਾਨ ਪੀਸੀਬੀ ਇਸੇ ’ਤੇ ਜ਼ੋਰ ਦੇ ਰਿਹਾ ਹੈ ਕਿ ਅਸੀਂ ਹਾਈਬ੍ਰਿਡ ਮਾਡਲ ਨਹੀਂ ਅਪਣਾਉਣ ਵਾਲੇ ਪਰ ਸ਼ਾਇਦ ਉਸ ਨੂੰ ਅਜਿਹਾ ਕਰਨ ਲਈ ਮਜਬੂਰ ਹੋਣਾ ਪਵੇ ਕਿਉਂਕਿ ਜੇ ਬੀਸੀਸੀਆਈ ਇਸ ’ਤੇ ਅੜ ਜਾਂਦਾ ਹੈ ਕਿ ਉਹ ਆਪਣੀ ਟੀਮ ਪਾਕਿਸਤਾਨ ਨਹੀਂ ਭੇਜਣ ਵਾਲਾ ਤਾਂ ਫਿਰ ਪੀਸੀਬੀ ਅਤੇ ਆਈਸੀਸੀ ਦੇ ਸਾਹਮਣੇ ਬਿਨਾਂ ਭਾਰਤ ਦੇ ਚੈਂਪੀਅਨਜ਼ ਟਰਾਫੀ ਕਰਵਾਉਣ ਦੀ ਨੌਬਤ ਆ ਸਕਦੀ ਹੈ। ਜੇ ਅਜਿਹਾ ਹੁੰਦਾ ਹੈ ਤਾਂ ਇਸ ਟਰਾਫੀ ਦਾ ਆਕਰਸ਼ਣ
ਹੀ ਫਿੱਕਾ ਪੈ ਜਾਵੇਗਾ।
ਇੰਨਾ ਹੀ ਨਹੀਂ, ਆਈਸੀਸੀ ਨੂੰ ਆਰਥਿਕ ਨੁਕਸਾਨ ਦਾ ਵੀ ਸਾਹਮਣਾ ਕਰਨਾ ਪਵੇਗਾ ਕਿਉਂਕਿ ਜਿਸ ਪ੍ਰਤੀਯੋਗਿਤਾ ਵਿਚ ਭਾਰਤ ਨਹੀਂ ਖੇਡੇਗਾ, ਉਸ ਵਿਚ ਭਾਰਤੀ ਕੰਪਨੀਆਂ ਇਸ਼ਤਿਹਾਰ ਕਿਉਂ ਦੇਣਗੀਆਂ? ਕ੍ਰਿਕਟ ਦੇ ਸਭ ਤੋਂ ਵੱਧ ਦਰਸ਼ਕ ਭਾਰਤ ਵਿਚ ਹਨ ਅਤੇ ਭਾਰਤੀ ਕੰਪਨੀਆਂ ਵੱਡੀ ਗਿਣਤੀ ਵਿਚ ਉਨ੍ਹਾਂ ਮੈਚਾਂ ਵਿਚ ਆਯੋਜਕ-ਪ੍ਰਾਯੋਜਕ ਬਣਦੀਆਂ ਹਨ ਜਿਨ੍ਹਾਂ ਵਿਚ ਭਾਰਤ ਦੀ ਭਾਗੀਦਾਰੀ ਹੁੰਦੀ ਹੈ। ਜੇ ਪਾਕਿਸਤਾਨ ਭਾਰਤ ਤੋਂ ਬਿਨਾਂ ਚੈਂਪੀਅਨਜ਼ ਟਰਾਫੀ ਕਰਵਾਉਣ ਲਈ ਅੜ ਜਾਂਦਾ ਹੈ ਤਾਂ ਬ੍ਰਾਡਕਾਸਟਰ ਆਪਣੇ ਹੱਥ ਖੜ੍ਹੇ ਕਰ ਸਕਦੇ ਹਨ। ਚੈਂਪੀਅਨਜ਼ ਟਰਾਫੀ ਦਾ ਕਿਉਂਕਿ ਭਵਿੱਖ ਖ਼ਤਰੇ ਵਿਚ ਹੈ, ਇਸ ਲਈ ਇਸ ’ਤੇ ਖ਼ੂਬ ਬਹਿਸ ਹੋ ਰਹੀ ਹੈ ਕਿ ਭਾਰਤੀ ਟੀਮ ਨੂੰ ਪਾਕਿਸਤਾਨ ਜਾਣਾ ਚਾਹੀਦਾ ਹੈ ਜਾਂ ਨਹੀਂ? ਇਸ ਬਹਿਸ ਦੌਰਾਨ ਹੀ ਪੀਸੀਬੀ ਨੇ ਇਹ ਤੈਅ ਕੀਤਾ ਕਿ ਉਹ ਚੈਂਪੀਅਨਜ਼ ਟਰਾਫੀ ਦੀ ਨੁਮਾਇਸ਼ ਆਪਣੇ ਕਬਜ਼ੇ ਵਾਲੇ ਕਸ਼ਮੀਰ ਦੇ ਸ਼ਹਿਰਾਂ ਵਿਚ ਵੀ ਕਰਵਾਏਗਾ। ਬੀਸੀਸੀਆਈ ਨੇ ਇਸ ’ਤੇ ਇਤਰਾਜ਼ ਜ਼ਾਹਰ ਕੀਤਾ ਤਾਂ ਆਈਸੀਸੀ ਨੂੰ ਪੀਸੀਬੀ ਨੂੰ ਕਹਿਣਾ ਪਿਆ ਕਿ ਉਹ ਅਜਿਹਾ ਨਹੀਂ ਕਰ ਸਕਦਾ। ਪੀਸੀਬੀ ਨੂੰ ਆਪਣੇ ਕਦਮ ਪਿੱਛੇ ਖਿੱਚਣੇ ਪਏ। ਇਸ ਨਾਲ ਪੀਸੀਬੀ ਦੇ ਨਾਲ-ਨਾਲ ਪਾਕਿਸਤਾਨ ਦੀ ਵੀ ਫਜ਼ੀਹਤ ਹੋਈ।
ਆਖ਼ਰ ਪੀਸੀਬੀ ਨੇ ਇਹ ਹਰਕਤ ਕਿਉਂ ਕੀਤੀ? ਕੀ ਉਸ ਨੂੰ ਇਹ ਪਤਾ ਨਹੀਂ ਸੀ ਕਿ ਇਸ ਵਾਰ ਬੀਸੀਸੀਆਈ ਹੀ ਨਹੀਂ, ਭਾਰਤ ਸਰਕਾਰ ਨੂੰ ਵੀ ਇਤਰਾਜ਼ ਹੋਵੇਗਾ? ਸਾਫ਼ ਹੈ ਕਿ ਪੀਸੀਬੀ ਭਾਰਤ ਨੂੰ ਉਕਸਾਉਣਾ ਚਾਹ ਰਿਹਾ ਸੀ। ਕੋਈ ਵੀ ਸਮਝ ਸਕਦਾ ਹੈ ਕਿ ਪੀਸੀਬੀ ਨੇ ਇਕ ਕੰਮ ਸਰਕਾਰ ਅਤੇ ਉਸ ਨੂੰ ਉਂਗਲਾਂ ’ਤੇ ਨਚਾਉਣ ਵਾਲੀ ਸੈਨਾ ਦੇ ਇਸ਼ਾਰੇ ’ਤੇ ਕੀਤਾ ਹੋਵੇਗਾ। ਖ਼ੁਦ ਪੀਸੀਬੀ ਦੇ ਚੇਅਰਮੈਨ ਰਹੇ ਨਜਮ ਸੇਠੀ ਦਾ ਇਹ ਮੰਨਣਾ ਹੈ ਕਿ ਚੈਂਪੀਅਨਜ਼ ਟਰਾਫੀ ਦੀ ਮਕਬੂਜ਼ਾ ਕਸ਼ਮੀਰ ਵਿਚ ਨੁਮਾਇਸ਼ ਦਾ ਫ਼ੈਸਲਾ ਪਾਕਿਸਤਾਨੀ ਫ਼ੌਜ ਦੇ ਕਹਿਣ ’ਤੇ ਲਿਆ ਗਿਆ। ਸਾਫ਼ ਹੈ ਕਿ ਪਾਕਿਸਤਾਨ ਦੇ ਮਾਮਲੇ ਵਿਚ ਇਸ ਜੁਮਲੇ ਦਾ ਕੋਈ ਮਤਲਬ ਨਹੀਂ ਕਿ ਕ੍ਰਿਕਟ ਨੂੰ ਰਾਜਨੀਤੀ ਤੋਂ ਅਲੱਗ ਰੱਖਣਾ ਚਾਹੀਦਾ ਹੈ।
ਭਾਰਤ ਜਦ ਵੀ ਪਾਕਿਸਤਾਨ ਦੀਆਂ ਹਰਕਤਾਂ ਕਾਰਨ ਉਸ ਨਾਲ ਕ੍ਰਿਕਟ ਖੇਡਣ ਤੋਂ ਇਨਕਾਰ ਕਰਦਾ ਹੈ ਤਾਂ ਉਸ ਨੂੰ ਦੁਨੀਆ ਭਰ ਤੋਂ ਇਹ ਉਪਦੇਸ਼ ਸੁਣਨ ਨੂੰ ਮਿਲਦਾ ਹੈ ਕਿ ਖੇਡ ਨੂੰ ਰਾਜਨੀਤੀ ਤੋਂ ਅਲੱਗ ਰੱਖਣਾ ਚਾਹੀਦਾ ਹੈ। ਇਸ ’ਤੇ ਗ਼ੌਰ ਕਰੀਏ ਕਿ ਇਹ ਉਪਦੇਸ਼ ਦੇਣ ਵਾਲਿਆਂ ਨੇ ਹਾਲੇ ਹਾਲ ਹੀ ਵਿਚ ਰੂਸ ਨੂੰ ਪੈਰਿਸ ਓਲੰਪਿਕਸ ਤੋਂ ਬਾਹਰ ਕਰ ਦਿੱਤਾ। ਚੈਂਪੀਅਨਜ਼ ਟਰਾਫੀ ਦਾ ਭਵਿੱਖ ਜੋ ਵੀ ਹੋਵੇ, ਇਹ ਜਾਣਨਾ ਜ਼ਰੂਰੀ ਹੈ ਕਿ ਭਾਰਤੀ ਟੀਮ ਨੇ ਪਾਕਿਸਤਾਨ ਜਾਣਾ ਕਦੋਂ ਤੋਂ ਬੰਦ ਕੀਤਾ ਹੈ। ਅਜਿਹਾ ਨਵੰਬਰ 2008 ਵਿਚ ਮੁੰਬਈ ਵਿਚ ਭਿਆਨਕ ਅੱਤਵਾਦੀ ਹਮਲੇ ਤੋਂ ਬਾਅਦ ਕੀਤਾ ਗਿਆ। ਇਸ ਹਮਲੇ ਵਿਚ 160 ਤੋਂ ਵੱਧ ਲੋਕ ਮਾਰੇ ਗਏ ਸਨ। ਇਸ ਹਮਲੇ ਵਿਚ ਪਾਕਿਸਤਾਨੀ ਖ਼ੁਫ਼ੀਆ ਏਜੰਸੀ ਆਈਐੱਸਆਈ ਅਤੇ ਉਸ ਦੀ ਸੈਨਾ ਦਾ ਹੱਥ ਸੀ। ਇਹ ਤ੍ਰਾਸਦੀ ਹੀ ਹੈ ਕਿ ਨਵੰਬਰ ਮਹੀਨੇ ਵਿਚ ਹੀ ਇਸ ’ਤੇ ਬਹਿਸ ਹੋ ਰਹੀ ਹੈ ਕਿ ਭਾਰਤੀ ਕ੍ਰਿਕਟ ਟੀਮ ਨੂੰ ਪਾਕਿਸਤਾਨ ਜਾਣਾ ਚਾਹੀਦਾ ਹੈ ਜਾਂ ਨਹੀਂ? ਜਿਨ੍ਹਾਂ ਨੂੰ ਇਹ ਲੱਗਦਾ ਹੈ ਕਿ ਭਾਰਤ ਨੂੰ ਖੇਡ ਭਾਵਨਾ ਤਹਿਤ ਆਪਣੀ ਕ੍ਰਿਕਟ ਟੀਮ ਪਾਕਿਸਤਾਨ ਭੇਜਣੀ ਚਾਹੀਦੀ ਹੈ, ਉਨ੍ਹਾਂ ਨੂੰ ਇਸ ’ਤੇ ਗ਼ੌਰ ਕਰਨਾ ਚਾਹੀਦਾ ਹੈ ਕਿ ਕੀ ਪਾਕਿਸਤਾਨ ਨੇ ਮੁੰਬਈ ਹਮਲੇ ਦੇ ਗੁਨਾਹਗਾਰਾਂ ਨੂੰ ਸਜ਼ਾ ਦੇਣ ਲਈ ਕੁਝ ਕੀਤਾ ਹੈ? ਉਸ ਨੇ ਕੁਝ ਨਹੀਂ ਕੀਤਾ ਹੈ।
ਮੁੰਬਈ ਹਮਲੇ ਦੀ ਸਾਜ਼ਿਸ਼ ਰਚਣ ਵਾਲੇ ਪਾਕਿਸਤਾਨ ਵਿਚ ਅੱਜ ਵੀ ਖੁੱਲ੍ਹੇਆਮ ਘੁੰਮ ਰਹੇ ਹਨ-ਠੀਕ ਉਸੇ ਤਰ੍ਹਾਂ ਹੀ ਜਿਵੇਂ ਪਠਾਨਕੋਟ ਅਤੇ ਹੋਰ ਥਾਵਾਂ ’ਤੇ ਅੱਤਵਾਦੀ ਹਮਲੇ ਕਰਨ ਦੀ ਸਾਜ਼ਿਸ਼ ਰਚਣ ਵਾਲੇ ਘੁੰਮ ਰਹੇ ਹਨ। ਮੁੰਬਈ ਵਿਚ ਹਮਲਾ ਕਰਨ ਆਏ ਅੱਤਵਾਦੀਆਂ ਨੂੰ ਫੋਨ ’ਤੇ ਨਿਰਦੇਸ਼ ਦੇਣ ਵਾਲੇ ਲਸ਼ਕਰ ਦੇ ਸਰਗਨਾ ਜ਼ਕੀਉਰ ਰਹਿਮਾਨ ਲਖਵੀ ਨੂੰ ਭਾਰਤ ਦੇ ਦਬਾਅ ਵਿਚ ਜੇਲ੍ਹ ਭੇਜਣ ਦਾ ਕੰਮ ਜ਼ਰੂਰ ਕੀਤਾ ਗਿਆ ਸੀ ਪਰ ਇਹ ਭਾਰਤ ਤੇ ਦੁਨੀਆ ਦੀਆਂ ਅੱਖਾਂ ਵਿਚ ਘੱਟਾ ਪਾਉਣ ਲਈ ਹੀ ਸੀ, ਇਸ ਦਾ ਪਤਾ ਉਦੋਂ ਲੱਗਾ ਜਦ ਇਹ ਖ਼ਬਰ ਆਈ ਕਿ ‘ਜੇਲ੍ਹ’ ਵਿਚ ਰਹਿਣ ਦੌਰਾਨ ਹੀ ਉਹ ਪਿਤਾ ਬਣ ਗਿਆ। ਹਾਲ ਹੀ ਵਿਚ ਉਸ ਨੂੰ ਰਾਵਲਪਿੰਡੀ ਵਿਚ ਖੁੱਲ੍ਹੇਆਮ ਘੁੰਮਦੇ ਦੇਖਿਆ ਗਿਆ। ਇਸ ਸਭ ਨੂੰ ਦੇਖ ਕੇ ਪਾਕਿਸਤਾਨ ਦੀ ਖੋਟੀ ਨੀਅਤ ਦਾ ਸਾਫ਼ ਪਤਾ ਲੱਗਦਾ ਹੈ।
ਸਪਸ਼ਟ ਹੈ ਕਿ ਪਾਕਿਸਤਾਨ ਦੀ ਮੁੰਬਈ ਹਮਲੇ ਦੇ ਗੁਨਾਹਗਾਰਾਂ ਨੂੰ ਸਜ਼ਾ ਦੇਣ ਵਿਚ ਕੋਈ ਦਿਲਚਸਪੀ ਨਹੀਂ। ਉਸ ਤੋਂ ਇਹ ਪੁੱਛਿਆ ਜਾਣਾ ਚਾਹੀਦਾ ਹੈ ਕਿ ਜੇ ਉਸ ਦੀ ਇਸ ਵਿਚ ਦਿਲਚਸਪੀ ਹੈ ਕਿ ਭਾਰਤੀ ਕ੍ਰਿਕਟ ਟੀਮ ਪਾਕਿਸਤਾਨ ਆਏ ਤਾਂ ਉਹ ਇਸ ਵਿਚ ਕੋਈ ਦਿਲਚਸਪੀ ਕਿਉਂ ਨਹੀਂ ਲੈ ਰਿਹਾ ਕਿ ਮੁੰਬਈ ਦੇ ਹਮਲੇ ਦੇ ਗੁਨਾਹਗਾਰਾਂ ਨੂੰ ਸਜ਼ਾ ਮਿਲੇ? ਇਹ ਸਹੀ ਹੈ ਕਿ ਪਾਕਿਸਤਾਨ ਦੇ ਤਮਾਮ ਲੋਕਾਂ ਦੀ ਇਹ ਵੱਡੀ ਚਾਹਤ ਹੈ ਕਿ ਭਾਰਤੀ ਕ੍ਰਿਕਟ ਟੀਮ ਉਨ੍ਹਾਂ ਦੀ ਧਰਤੀ ’ਤੇ ਖੇਡਣ ਆਵੇ ਪਰ ਕੀ ਭਾਰਤ ਇਸ ਨੂੰ ਭੁਲਾ ਦੇਵੇ ਕਿ ਮੁੰਬਈ ਹਮਲੇ ਦੇ ਗੁਨਾਹਗਾਰ ਪਾਕਿਸਤਾਨ ’ਚ ਖੁੱਲ੍ਹੇਆਮ ਘੁੰਮ ਰਹੇ ਹਨ? ਪਾਕਿਸਤਾਨ ਨੂੰ ਇਹ ਪਤਾ ਲੱਗਣਾ ਹੀ ਚਾਹੀਦਾ ਹੈ ਕਿ ਮੁੰਬਈ ਹਮਲੇ ਦੇ ਗੁਨਾਹਗਾਰਾਂ ਨੂੰ ਪਾਲਣ-ਪੋਸਣ ਕਾਰਨ ਹੀ ਭਾਰਤੀ ਟੀਮ ਉਸ ਦੇ ਇੱਥੇ ਖੇਡਣ ਨਹੀਂ ਆ ਰਹੀ ਹੈ।