ਵੰਦੇ ਭਾਰਤ ਤੋਂ ਕਰੋ ਕਸ਼ਮੀਰ ਦੀਆਂ ਖੂਬਸੂਰਤ ਵਾਦੀਆਂ ਦਾ ਦੌਰਾ

ਜੰਮੂ- ਅਗਲੇ ਸਾਲ ਜਨਵਰੀ ਦੇ ਮਹੀਨੇ ਜੰਮੂ-ਕਸ਼ਮੀਰ ਤੋਂ ਕਸ਼ਮੀਰ ਤੱਕ ਚੱਲਣ ਵਾਲੀ ਰੇਲਗੱਡੀ ਦੇਸ਼ ਵਾਸੀਆਂ ਲਈ ਨਵੇਂ ਸਾਲ ਦਾ ਤੋਹਫਾ ਹੋਵੇਗੀ। ਊਧਮਪੁਰ-ਸ਼੍ਰੀਨਗਰ-ਬਾਰਾਮੂਲਾ ਰੇਲ ਲਿੰਕ ਪ੍ਰੋਜੈਕਟ ਦੇ ਜਨਵਰੀ 2025 ਤੱਕ ਚਾਲੂ ਹੋਣ ਦੀ ਉਮੀਦ ਹੈ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਨਵਰੀ ਮਹੀਨੇ ਵਿੱਚ ਕਸ਼ਮੀਰ ਨੂੰ ਨਵੀਂ ਦਿੱਲੀ ਨਾਲ ਜੋੜਨ ਵਾਲੀ ਵੰਦੇ ਭਾਰਤ ਐਕਸਪ੍ਰੈਸ ਨੂੰ ਹਰੀ ਝੰਡੀ ਦੇ ਸਕਦੇ ਹਨ। ਇਹ ਰੇਲ ਸੇਵਾ ਜਨਵਰੀ ਮਹੀਨੇ ਸ਼ੁਰੂ ਕੀਤੀ ਜਾਵੇਗੀ, ਇਸ ਦਾ ਅੰਤਿਮ ਫੈਸਲਾ ਅਜੇ ਨਹੀਂ ਲਿਆ ਗਿਆ ਹੈ ।

ਵਰਤਮਾਨ ਵਿੱਚ ਰੇਲਵੇ ਮੰਤਰਾਲਾ ਊਧਮਪੁਰ-ਸ਼੍ਰੀਨਗਰ-ਬਾਰਾਮੂਲਾ ਰੇਲ ਲਿੰਕ ਪ੍ਰੋਜੈਕਟ ਨੂੰ ਪੂਰਾ ਕਰਨ ਤੇ ਜੰਮੂ ਵਿੱਚ ਇੱਕ ਵੱਖਰਾ ਰੇਲਵੇ ਡਿਵੀਜ਼ਨ ਬਣਾਉਣ ਦੀ ਦਿਸ਼ਾ ਵਿੱਚ ਕੰਮ ਕਰ ਰਿਹਾ ਹੈ। ਜੰਮੂ ਕਸ਼ਮੀਰ ਭਾਜਪਾ ਤੇ ਜੰਮੂ ਚੈਂਬਰ ਆਫ ਕਾਮਰਸ ਐਂਡ ਇੰਡਸਟਰੀ ਨੇ ਕੇਂਦਰੀ ਮੰਤਰੀ ਡਾ. ਜਤਿੰਦਰ ਸਿੰਘ ਰਾਹੀਂ ਰੇਲ ਮੰਤਰਾਲੇ ਨੂੰ ਇਸ ਸਬੰਧੀ ਪ੍ਰਸਤਾਵ ਭੇਜੇ ਸਨ। ਇਨ੍ਹਾਂ ਨੂੰ ਰੇਲਵੇ ਮੰਤਰਾਲੇ ਨੇ ਸਵੀਕਾਰ ਕਰ ਲਿਆ ਹੈ। ਹੁਣ ਰਸਮੀ ਹੁਕਮ ਦੀ ਉਡੀਕ ਹੈ।

ਪ੍ਰਧਾਨ ਮੰਤਰੀ ਦਫ਼ਤਰ ਵਿੱਚ ਰਾਜ ਮੰਤਰੀ ਡਾਕਟਰ ਜਤਿੰਦਰ ਸਿੰਘ ਦਾ ਕਹਿਣਾ ਹੈ ਕਿ ਪ੍ਰਧਾਨ ਮੰਤਰੀ ਜਨਵਰੀ 2025 ਵਿੱਚ ਕਸ਼ਮੀਰ ਤੱਕ ਰੇਲ ਸੇਵਾ ਸ਼ੁਰੂ ਕਰ ਸਕਦੇ ਹਨ। ਅਜੇ ਇਹ ਸਪੱਸ਼ਟ ਨਹੀਂ ਹੈ ਕਿ ਰੇਲਵੇ ਸੇਵਾ ਦਾ ਉਦਘਾਟਨ ਕਿਸ ਦਿਨ ਹੋਵੇਗਾ। ਕਸ਼ਮੀਰ ਤੱਕ ਰੇਲ ਤੇ ਇਸ ਦੀ ਵੱਖਰੀ ਵੰਡ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਜੰਮੂ-ਕਸ਼ਮੀਰ ਵਿੱਚ ਰੇਲਵੇ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ​​ਕਰਨ ਦੇ ਕੰਮ ਦੀ ਨਿੱਜੀ ਤੌਰ ‘ਤੇ ਨਿਗਰਾਨੀ ਕਰ ਰਹੇ ਹਨ।

ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਨਵੇਂ ਸਾਲ ਵਿੱਚ ਪਹਿਲੀ ਵਾਰ ਕਸ਼ਮੀਰ ਨੂੰ ਰੇਲ ਨੈੱਟਵਰਕ ਰਾਹੀਂ ਦੇਸ਼ ਦੇ ਬਾਕੀ ਹਿੱਸਿਆਂ ਨਾਲ ਜੋੜਿਆ ਜਾਵੇਗਾ। ਇਸ ਨਾਲ ਜੰਮੂ ਦੇਸ਼ ਦਾ ਅਹਿਮ ਰੇਲਵੇ ਜੰਕਸ਼ਨ ਬਣ ਜਾਵੇਗਾ। ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਹਾਲ ਹੀ ਵਿੱਚ ਊਧਮਪੁਰ-ਸ਼੍ਰੀਨਗਰ-ਬਾਰਾਮੂਲਾ ਰੇਲ ਲਿੰਕ ਪ੍ਰੋਜੈਕਟ ਦਾ ਨਿਰੀਖਣ ਕੀਤਾ ਸੀ। ਉਨ੍ਹਾਂ ਨੇ ਇਹ ਵੀ ਕਿਹਾ ਹੈ ਕਿ ਕਟੜਾ-ਕਸ਼ਮੀਰ ਟ੍ਰੈਕ ‘ਤੇ ਟੈਸਟਿੰਗ ਦਸੰਬਰ ਮਹੀਨੇ ‘ਚ ਕੀਤੀ ਜਾਵੇ।

ਇਸ ਨਾਲ ਜਨਵਰੀ ਮਹੀਨੇ ਵਿਚ ਕਸ਼ਮੀਰ ਨੂੰ ਨਵੀਂ ਦਿੱਲੀ ਨਾਲ ਰੇਲ ਰਾਹੀਂ ਜੋੜ ਦਿੱਤਾ ਜਾਵੇਗਾ। ਪ੍ਰਧਾਨ ਮੰਤਰੀ ਇਸ ਨੂੰ ਦੇਸ਼ ਨੂੰ ਸਮਰਪਿਤ ਕਰਨਗੇ। ਇਸ ਪ੍ਰਾਜੈਕਟ ਦੇ ਛੇਤੀ ਮੁਕੰਮਲ ਹੋਣ ਨਾਲ ਜੰਮੂ-ਕਸ਼ਮੀਰ ਨੂੰ ਵੱਡਾ ਆਰਥਿਕ ਹੁਲਾਰਾ ਮਿਲੇਗਾ। ਇਸ ਦੌਰਾਨ ਨਵੇਂ ਸਾਲ ਦੀ ਸ਼ੁਰੂਆਤ ਵਿੱਚ ਨਵੀਂ ਦਿੱਲੀ ਤੇ ਸ਼੍ਰੀਨਗਰ ਵਿਚਕਾਰ ਹਾਈ-ਸਪੀਡ ਵੰਦੇ ਭਾਰਤ ਸਲੀਪਰ ਟਰੇਨ ਦੀ ਸ਼ੁਰੂਆਤ ਜੰਮੂ-ਕਸ਼ਮੀਰ ਵਿੱਚ ਰੇਲ ਸੰਪਰਕ ਵਿੱਚ ਕ੍ਰਾਂਤੀ ਲਿਆਵੇਗੀ। ਯਾਤਰੀ 800 ਕਿਲੋਮੀਟਰ ਦਾ ਸਫਰ 13 ਘੰਟਿਆਂ ਤੋਂ ਵੀ ਘੱਟ ਸਮੇਂ ਵਿੱਚ ਪੂਰਾ ਕਰਨਗੇ। ਦਿੱਲੀ ਤੋਂ ਸ਼ਾਮ 7 ਵਜੇ ਦੀ ਇਸ ਰੇਲਗੱਡੀ ਵਿੱਚ ਸਫ਼ਰ ਕਰਨ ਵਾਲੇ ਯਾਤਰੀ ਸਵੇਰੇ 8 ਵਜੇ ਸ੍ਰੀਨਗਰ ਪਹੁੰਚਣਗੇ।

ਕਸ਼ਮੀਰ ਤੱਕ ਚੱਲਣ ਵਾਲੀ ਇਸ ਰੇਲਗੱਡੀ ਦੀਆਂ ਤਿੰਨ ਕਲਾਸਾਂ, ਏਸੀ ਫਸਟ ਕਲਾਸ, ਏਸੀ 2 ਟੀਅਰ ਅਤੇ ਏਸੀ 3 ਟੀਅਰ ਹੋਣਗੀਆਂ। ਇਨ੍ਹਾਂ ਦਾ ਕਿਰਾਇਆ 2 ਹਜ਼ਾਰ ਤੋਂ 3 ਹਜ਼ਾਰ ਤੱਕ ਹੋਵੇਗਾ। ਸਫ਼ਰ ਦੌਰਾਨ ਵੱਧ ਤੋਂ ਵੱਧ ਆਰਾਮ ਦੇਣ ਲਈ ਬਿਹਤਰ ਸਲੀਪਰ ਅਤੇ ਹੋਰ ਆਧੁਨਿਕ ਸਹੂਲਤਾਂ ਹੋਣਗੀਆਂ।

ਯਾਤਰਾ ਦੌਰਾਨ ਟਰੇਨ ਅੰਬਾਲਾ ਕੈਂਟ, ਲੁਧਿਆਣਾ, ਜੰਮੂ ਤਵੀ ਤੇ ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ ਵਿਖੇ ਰੁਕਦੀ ਹੋਈ ਕਸ਼ਮੀਰ ਪਹੁੰਚੇਗੀ। ਅਜਿਹੇ ‘ਚ ਇਸ ਪ੍ਰਾਜੈਕਟ ਨਾਲ ਜੰਮੂ-ਕਸ਼ਮੀਰ ‘ਚ ਸੈਰ-ਸਪਾਟੇ ਤੇ ਵਪਾਰ ਨੂੰ ਹੁਲਾਰਾ ਮਿਲਣਾ ਯਕੀਨੀ ਹੈ।