ਪਾਕਿਸਤਾਨ ‘ਚ ਫਿਰ ਹੋਇਆ ਅੱਤਵਾਦੀ ਹਮਲਾ, ਯਾਤਰੀ ਵੈਨ ‘ਤੇ ਚਲਾਈਆਂ ਗੋਲੀਆਂ

ਨਵੀਂ ਦਿੱਲੀ : ਗੁਆਂਢੀ ਦੇਸ਼ ਪਾਕਿਸਤਾਨ ਤੋਂ ਇਕ ਵਾਰ ਫਿਰ ਅੱਤਵਾਦੀ ਹਮਲੇ ਦੀ ਖ਼ਬਰ ਮਿਲੀ ਹੈ। ਦੱਸਿਆ ਜਾ ਰਿਹਾ ਹੈ ਕਿ ਉੱਤਰੀ-ਪੱਛਮੀ ਪਾਕਿਸਤਾਨ ਦੇ ਕਬਾਇਲੀ ਇਲਾਕੇ ‘ਚ ਵੀਰਵਾਰ ਨੂੰ ਇਕ ਯਾਤਰੀ ਵੈਨ ‘ਤੇ ਬੰਦੂਕ ਨਾਲ ਕੀਤੇ ਗਏ ਹਮਲੇ ‘ਚ ਘੱਟੋ-ਘੱਟ 38 ਲੋਕ ਮਾਰੇ ਗਏ। ਕਈ ਲੋਕਾਂ ਦੇ ਜ਼ਖਮੀ ਹੋਣ ਦੀ ਵੀ ਸੂਚਨਾ ਹੈ।

ਮੁੱਢਲੀ ਜਾਣਕਾਰੀ ਮੁਤਾਬਕ ਇਹ ਹਮਲਾ ਕੁਰੱਮ ਦੇ ਪਾਰਾਚਿਨਾਰ ਤੋਂ ਕਾਫ਼ਲੇ ਵਿਚ ਜਾ ਰਹੀ ਇਕ ਯਾਤਰੀ ਵੈਨ ਨੂੰ ਨਿਸ਼ਾਨਾ ਬਣਾ ਕੇ ਕੀਤਾ ਗਿਆ। ਹਮਲੇ ਦੀ ਪੁਸ਼ਟੀ ਖੈਬਰ ਪਖਤੂਨਖਵਾ ਦੇ ਮੁੱਖ ਸਕੱਤਰ ਨਦੀਮ ਅਸਲਮ ਚੌਧਰੀ ਨੇ ਕੀਤੀ।

ਦੱਸਣਯੋਗ ਹੈ ਕਿ ਅਫਗਾਨਿਸਤਾਨ ਦੀ ਸਰਹੱਦ ਨਾਲ ਲੱਗਦੇ ਕਬਾਇਲੀ ਖੇਤਰ ਵਿਚ ਜ਼ਮੀਨੀ ਵਿਵਾਦ ਨੂੰ ਲੈ ਕੇ ਹਥਿਆਰਬੰਦ ਸ਼ੀਆ ਅਤੇ ਸੁੰਨੀ ਮੁਸਲਮਾਨਾਂ ਵਿਚਾਲੇ ਦਹਾਕਿਆਂ ਤੋਂ ਤਣਾਅ ਦੀ ਸਥਿਤੀ ਬਣੀ ਹੋਈ ਹੈ।

ਪਾਕਿਸਤਾਨ ‘ਚ ਇਸ ਘਟਨਾ ਦੀ ਅਜੇ ਤੱਕ ਕਿਸੇ ਅੱਤਵਾਦੀ ਸਮੂਹ ਨੇ ਜ਼ਿੰਮੇਵਾਰੀ ਨਹੀਂ ਲਈ ਹੈ। ਪਰਚਿਨਾਰ ਦੇ ਸਥਾਨਕ ਨਿਵਾਸੀ ਜ਼ਿਆਰਤ ਹੁਸੈਨ ਨੇ ਨਿਊਜ਼ ਏਜੰਸੀ ਰਾਇਟਰਜ਼ ਨਾਲ ਫੋਨ ‘ਤੇ ਗੱਲ ਕਰਦੇ ਹੋਏ ਕਿਹਾ ਕਿ ਯਾਤਰੀ ਵਾਹਨਾਂ ਦੇ ਦੋ ਕਾਫਲੇ ਸੀ, ਇਕ ਯਾਤਰੀਆਂ ਨੂੰ ਪੇਸ਼ਾਵਰ ਤੋਂ ਪਰਚਿਨਾਰ ਅਤੇ ਦੂਜਾ ਪਰਚਿਨਾਰ ਤੋਂ ਪੇਸ਼ਾਵਰ ਲੈ ਕੇ ਜਾ ਰਿਹਾ ਸੀ, ਜਦੋਂ ਹਥਿਆਰਬੰਦ ਵਿਅਕਤੀਆਂ ਨੇ ਉਨ੍ਹਾਂ ’ਤੇ ਗੋਲੀਆਂ ਚਲਾ ਦਿੱਤੀਆਂ।