ਜੀਟੀਏ ਵਿੱਚ ਲਿਬਰਲਾਂ ਨੂੰ ਵੱਡੀ ਲੀਡ ਹੋ ਰਹੀ ਹੈ ਹਾਸਲ

ਜੀਟੀਏ ਵਿੱਚ ਲਿਬਰਲਾਂ ਨੂੰ ਵੱਡੀ ਲੀਡ ਹੋ ਰਹੀ ਹੈ ਹਾਸਲ

ਟੋਰਾਂਟੋ, 24 ਅਗਸਤ : ਫੈਡਰਲ ਚੋਣ ਮੁਹਿੰਮ ਦੇ ਦੂਜੇ ਹਫਤੇ ਵਿੱਚ ਦਾਖਲ ਹੋਣ ਮੌਕੇ ਗ੍ਰੇਟਰ ਟੋਰਾਂਟੋ ਏਰੀਆ ਵਿੱਚ ਲਿਬਰਲਾਂ ਨੂੰ ਵੱਡੀ ਲੀਡ ਹਾਸਲ ਹੋ ਰਹੀ ਹੈ। ਇਹ ਖੁਲਾਸਾ ਇੱਕ ਨਵੇਂ ਸਰਵੇਖਣ ਵਿੱਚ ਕੀਤਾ ਗਿਆ।
ਦ ਮੇਨਸਟਰੀਟ ਰਿਸਰਚ ਫੋਨ ਸਰਵੇਖਣ ਵਿੱਚ 532 ਸਥਾਨਕ ਵਾਸੀਆਂ ਨੂੰ ਸ਼ਾਮਲ ਕੀਤਾ ਗਿਆ। ਇਹ ਸਰਵੇਖਣ 18 ਅਗਸਤ ਤੇ 21 ਅਗਸਤ ਦਰਮਿਆਨ ਕਰਵਾਇਆ ਗਿਆ। ਇਸ ਵਿੱਚ ਪਾਇਆ ਗਿਆ ਕਿ ਜਸਟਿਨ ਟਰੂਡੋ ਦੀ ਲਿਬਰਲ ਪਾਰਟੀ ਨੂੰ 43 ਫੀ ਸਦੀ ਵੋਟਰਾਂ ਦਾ ਸਮਰਥਨ ਹਾਸਲ ਹੈ। ਦੂਜੇ ਪਾਸੇ ਐਰਿਨ ਓਟੂਲ ਦੀ ਅਗਵਾਈ ਵਾਲੇ ਕੰਜ਼ਰਵੇਟਿਵਜ਼ ਨੂੰ ਇਸ ਸਮੇਂ 29 ਫੀ ਸਦੀ ਸਮਰਥਨ ਹਾਸਲ ਹੋ ਰਿਹਾ ਹੈ। ਐਨਡੀਪੀ ਵੋਟਰਾਂ ਦੇ 20 ਫੀ ਸਦੀ ਸਮਰਥਨ ਨਾਲ ਤੀਜੇ ਸਥਾਨ ਉੱਤੇ ਚੱਲ ਰਹੀ ਹੈ। ਪੀਪਲਜ਼ ਪਾਰਟੀ ਆਫ ਕੈਨੇਡਾ ਤੇ ਗ੍ਰੀਨ ਪਾਰਟੀ ਕ੍ਰਮਵਾਰ ਪੰਜ ਤੇ ਤਿੰਨ ਫੀ ਸਦੀ ਸਮਰਥਨ ਜੁਟਾਉਣ ਵਿੱਚ ਹੀ ਕਾਮਯਾਬ ਹੋਏ ਹਨ।
ਇਸ ਵੇਲੇ ਟੋਰਾਂਟੋ ਵਿੱਚ ਲਿਬਰਲਾਂ ਨੂੰ 49·9 ਫੀ ਸਦੀ ਤੇ ਯੌਰਕ ਰੀਜਨ ਵਿੱਚ 49 ਫੀ ਸਦੀ ਸਮਰਥਨ ਮਿਲ ਰਿਹਾ ਹੈ, ਜਦਕਿ ਕੰਜ਼ਰਵੇਟਿਵਾਂ ਨੂੰ ਡਫਰਿਨ ਸਿਮਕੋਅ ਵਿੱਚ 48·2 ਫੀ ਸਦੀ ਤੇ ਦਰਹਾਮ ਵਿੱਚ 39·6 ਫੀ ਸਦੀ ਸਮਰਥਨ ਮਿਲ ਰਿਹਾ ਹੈ। ਐਨਡੀਪੀ ਨੂੰ ਹੈਮਿਲਟਨ ਵਿੱਚ ਸੱਭ ਤੋਂ ਵੱਧ, ਭਾਵ 25·1 ਫੀ ਸਦੀ ਸਮਰਥਨ ਹਾਸਲ ਹੋ ਰਿਹਾ ਹੈ। ਸਰਵੇਖਣ ਵਿੱਚ ਹਿੱਸਾ ਲੈਣ ਵਾਲੇ 9 ਫੀ ਸਦੀ ਲੋਕਾਂ ਨੇ ਆਖਿਆ ਕਿ ਉਹ ਅਜੇ ਇਹ ਫੈਸਲਾ ਨਹੀਂ ਕਰ ਪਾਏ ਹਨ ਕਿ ਉਹ ਕਿਹੜੀ ਪਾਰਟੀ ਨੂੰ ਵੋਟ ਕਰਨਾ ਚਾਹੁੰਦੇ ਹਨ।

Canada