ਹਮੀਰਪੁਰ – ਸੋਸ਼ਲ ਮੀਡੀਆ ‘ਤੇ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਵਿਚ ਹਿਮਾਚਲ ਪ੍ਰਦੇਸ਼ ਦੀ ਇਕ ਔਰਤ ਕਸ਼ਮੀਰੀ ਸ਼ਾਲ ਵੇਚਣ ਆਏ ਪਿਤਾ-ਪੁੱਤਰ ਨੂੰ ਧਮਕੀ ਦੇ ਰਹੀ ਹੈ। ਵੀਡੀਓ ‘ਚ ਸੁਣਿਆ ਜਾ ਸਕਦਾ ਹੈ ਕਿ ਔਰਤ ਉਨ੍ਹਾਂ ਲੋਕਾਂ ਨੂੰ ਹਿਮਾਚਲ ਪ੍ਰਦੇਸ਼ ਤੋਂ ਚਲੇ ਜਾਣ ਲਈ ਕਹਿ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਮਹਿਲਾ ਪੰਚਾਇਤ ਅਧਿਕਾਰੀ ਹੈ।
ਮਹਿਲਾ ਉਨ੍ਹਾਂ ਦੋ ਕਸ਼ਮੀਰੀ ਲੋਕਾਂ ਨੂੰ ਕਹਿ ਰਹੀ ਹੈ ਕਿ ਜੇ ਉਹ ਭਾਰਤੀ ਹਨ ਤਾਂ ਉਹ ‘ਜੈ ਸ਼੍ਰੀ ਰਾਮ’ ਬੋਲਣ। ਮਾਮਲਾ ਵਧਦਾ ਦੇਖ ਔਰਤ ਨੇ ਮਾਫ਼ੀ ਮੰਗ ਲਈ ਹੈ। ਔਰਤ ਦਾ ਕਹਿਣਾ ਹੈ ਕਿ ਉਸ ਨੇ ਇਹ ਸਭ ਅਣਜਾਣੇ ’ਚ ਕੀਤਾ ਹੈ।
ਮੰਗਲਵਾਰ ਨੂੰ ਜੰਮੂ-ਕਸ਼ਮੀਰ ਸਟੂਡੈਂਟਸ ਐਸੋਸੀਏਸ਼ਨ ਦੇ ਰਾਸ਼ਟਰੀ ਕਨਵੀਨਰ ਨਾਸਿਰ ਖੁਹਮੀ ਨੇ ਇੰਸਟਾਗ੍ਰਾਮ ‘ਤੇ ਇਕ ਔਰਤ ਵੱਲੋਂ ਮਾਫ਼ੀ ਮੰਗਣ ਦੀ ਵੀਡੀਓ ਸ਼ੇਅਰ ਕੀਤੀ ਹੈ। 49 ਸੈਕਿੰਡ ਦੇ ਕਲਿੱਪ ਵਿਚ ਔਰਤ ਨੇ ਕਿਹਾ ਕਿ ਮੈਂ ਆਪਣੀ ਗਲਤੀ ਸਵੀਕਾਰ ਕਰਦੀ ਹਾਂ ਤੇ ਮਾਫ਼ੀ ਮੰਗਦੀ ਹਾਂ।
ਔਰਤ ਨੇ ਕਿਹਾ ਕਿ ਮੈਂ ਉਨ੍ਹਾਂ ਨੂੰ ਕਿਹਾ ਕਿ ਉਹ ਮੇਰੇ ਘਰ ਨਾ ਆਉਣ ਕਿਉਂਕਿ ਇੱਥੇ ਕੁਝ ਔਰਤਾਂ ਇਕੱਲੀਆਂ ਰਹਿੰਦੀਆਂ ਹਨ ਅਤੇ ਅਜਨਬੀਆਂ ਤੋਂ ਡਰਦੀਆਂ ਹਨ। ਨਾਸਿਰ ਖੁਹਮੀ ਨੇ ਇਸ ਮਾਮਲੇ ’ਚ ਦਖ਼ਲ ਦੇਣ ਲਈ ਹਿਮਾਚਲ ਦੇ ਮੁੱਖ ਮੰਤਰੀ ਸੁਖਵਿੰਦਰ ਸੁੱਖੂ ਅਤੇ ਉਨ੍ਹਾਂ ਦੇ ਮੀਡੀਆ ਸਲਾਹਕਾਰ ਨਰੇਸ਼ ਚੌਹਾਨ ਦਾ ਧੰਨਵਾਦ ਕੀਤਾ।
ਵੀਡੀਓ ਸੋਸ਼ਲ ਮੀਡੀਆ ‘ਤੇ ਇਹ ਕਦੋਂ ਵਾਇਰਲ ਹੋਇਆ, ਇਸ ਬਾਰੇ ਕੋਈ ਸਪੱਸ਼ਟ ਜਾਣਕਾਰੀ ਨਹੀਂ ਹੈ। ਇਸ ਵੀਡੀਓ ‘ਚ ਔਰਤ ਕਹਿੰਦੀ ਦਿਖਾਈ ਦੇ ਰਹੀ ਹੈ ਕਿ ਇਹ ਸਾਡਾ ਭਾਰਤ ਹੈ। ਤੁਸੀਂ ਲੋਕ ਆਪਣੇ ਕਸ਼ਮੀਰ ਜਾਓ। ਮਹਿਲਾ ਦੇ ਇਸ ਬਿਆਨ ‘ਤੇ ਵੀਡੀਓ ‘ਚ ਨਜ਼ਰ ਆ ਰਿਹਾ ਨੌਜਵਾਨ ਕਹਿੰਦਾ ਹੈ ਕਿ ਤੁਸੀਂ ਇਸ ਤਰ੍ਹਾਂ ਕਿਵੇਂ ਕਹਿ ਸਕਦੇ ਹੋ ਕਿ ਇੱਥੋਂ ਚਲੇ ਜਾਓ।
ਇਸ ‘ਤੇ ਮਹਿਲਾ ਦਾ ਕਹਿਣਾ ਹੈ ਕਿ ਜੇ ਤੁਸੀਂ ਖੁਦ ਨੂੰ ਹਿੰਦੋਸਤਾਨੀ ਮੰਨਦੇ ਹੋ ਤਾਂ ਜੈ ਸ਼੍ਰੀ ਰਾਮ ਦਾ ਨਾਅਰਾ ਲਗਾਓ। ਇਸ ‘ਤੇ ਨੌਜਵਾਨ ਨੇ ਕਿਹਾ ਕਿ ਉਸ ਦਾ ਮਜ਼੍ਹਬ ਅਲੱਗ ਹੈ। ਨੌਜਵਾਨ ਦੀ ਇਸ ਗੱਲ ‘ਤੇ ਨਾਰਾਜ਼ਗੀ ਜਤਾਉਂਦਿਆਂ ਮਹਿਲਾ ਦੋਵਾਂ ਨੂੰ ਹਿਮਾਚਲ ਤੋਂ ਬਾਹਰ ਜਾਣ ਲਈ ਕਹਿ ਰਹੀ ਹੈ।
ਆਪਣੀ ਪਾਰਟੀ ਦੇ ਪ੍ਰਧਾਨ ਅਲਤਾਫ਼ ਬੁਖਾਰੀ ਨੇ ਹਿਮਾਚਲ ਪ੍ਰਦੇਸ਼ ਸਰਕਾਰ ਨੂੰ ਮਹਿਲਾ ਖ਼ਿਲਾਫ਼ ਕਾਰਵਾਈ ਕਰਨ ਲਈ ਕਿਹਾ ਹੈ। ਅਲਤਾਫ ਬੁਖਾਰੀ ਨੇ ਟਵਿੱਟਰ ‘ਤੇ ਕਿਹਾ ਕਿ ਸੋਸ਼ਲ ਮੀਡੀਆ ‘ਤੇ ਪ੍ਰਸਾਰਿਤ ਵੀਡੀਓ ’ਚ ਜ਼ਾਹਰ ਤੌਰ ‘ਤੇ ਹਿਮਾਚਲ ਪ੍ਰਦੇਸ਼ ਦੀ ਔਰਤ ਦੋ ਕਸ਼ਮੀਰੀ ਸ਼ਾਲ ਵਿਕਰੇਤਾਵਾਂ ਨਾਲ ਦੁਰਵਿਹਾਰ ਕਰਦੀ ਦਿਖਾਈ ਦਿੰਦੀ ਹੈ ਤੇ ਉਨ੍ਹਾਂ ਨੂੰ ‘ਜੈ ਸ਼੍ਰੀ ਰਾਮ’ ਦਾ ਨਾਅਰਾ ਲਗਾਉਣ ਜਾਂ ਕਸ਼ਮੀਰ ਵਾਪਸ ਜਾਣ ਲਈ ਕਹਿੰਦੀ ਹੈ।
ਉਨ੍ਹਾਂ ਲਿਖਿਆ ਕਿ ਅਜਿਹੀਆਂ ਘਟਨਾਵਾਂ ਭਾਵੇਂ ਛੋਟੀਆਂ ਲੱਗਦੀਆਂ ਹਨ ਪਰ ਸੋਸ਼ਲ ਮੀਡੀਆ ‘ਤੇ ਸਖ਼ਤ ਪ੍ਰਤੀਕਰਮ ਪੈਦਾ ਕਰ ਰਹੀਆਂ ਹਨ ਅਤੇ ਸਾਡੇ ਦੇਸ਼ ਦੇ ਸਮਾਜਿਕ ਤਾਣੇ-ਬਾਣੇ ਨੂੰ ਨੁਕਸਾਨ ਪਹੁੰਚਾ ਰਹੀਆਂ ਹਨ। ਅਧਿਕਾਰੀਆਂ ਨੂੰ ਇਸ ਘਟਨਾ ਦਾ ਨੋਟਿਸ ਲੈਣਾ ਚਾਹੀਦਾ ਹੈ ਅਤੇ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਭਵਿੱਖ ਵਿਚ ਅਜਿਹੀ ਘਟਨਾ ਨਾ ਵਾਪਰੇ।