ਭਾਰਤ ਸਰਕਾਰ ਨੇ ਸ਼ੁੱਕਰਯਾਨ ਲਈ ਦਿੱਤੀ ਮਨਜ਼ੂਰੀ

ਅਹਿਮਦਾਬਾਦ- ਪੁਲਾੜ ਖੋਜ ਸੰਗਠਨ (ISRO) ਦੇ ਡਾਇਰੈਕਟਰ ਨਿਲੇਸ਼ ਦੇਸਾਈ ਨੇ ਕਿਹਾ ਹੈ ਕਿ ਇਸਰੋ ਨੂੰ ਭਾਰਤ ਸਰਕਾਰ (Govt of India) ਤੋਂ ਸ਼ੁਕਰਯਾਨ (Shukrayan) ਲਈ ਮਨਜ਼ੂਰੀ ਮਿਲ ਗਈ ਹੈ। ਇਸ ਨੂੰ 2028 ’ਚ ਲਾਂਚ ਕੀਤਾ ਜਾਵੇਗਾ। ਦੇਸਾਈ ਨੇ ਕਿਹਾ, ਕਿ ਭਾਰਤ ਸਰਕਾਰ ਨੇ ਪਿਛਲੇ ਦਿਨੀਂ ਸਾਡੇ ਵੀਨਸ ਆਰਬੀਟਿੰਗ ਸੈਟੇਲਾਈਟ ਸ਼ੁਕਰਯਾਨ ਨੂੰ ਮਨਜ਼ੂਰੀ ਦੇ ਦਿੱਤੀ ਹੈ। ਚੰਦਰਯਾਨ-4 ਲਾਂਚ (Chandrayan-4 Launching) ਕਰਨ ਦਾ ਪ੍ਰਸਤਾਵ ਵੀ ਦਿੱਤਾ ਗਿਆ ਹੈ। ਚੰਦਰਯਾਨ-4 ਮਿਸ਼ਨ ਦੇ ਤਹਿਤ ਚੰਦਰਮਾ ਤੋਂ ਮਿੱਟੀ ਦੇ ਨਮੂਨੇ ਲਿਆਂਦੇ ਜਾਣਗੇ। ਸਾਨੂੰ ਹੁਣ ਤੱਕ ਚੰਦਰਯਾਨ-4 ਮਿਸ਼ਨ ਲਈ ਸਰਕਾਰ ਦੀ ਮਨਜ਼ੂਰੀ ਨਹੀਂ ਮਿਲੀ ਹੈ। ਮਿਸ਼ਨ ਦੇ ਤਹਿਤ ਰੋਵਰ ਦਾ ਭਾਰ 350 ਕਿੱਲੋਗ੍ਰਾਮ ਹੋਵੇਗਾ, ਜੋ ਪਿਛਲੇ ਰੋਵਰ ਦੀ ਤੁਲਨਾ ’ਚ 12 ਗੁਣਾ ਵੱਧ ਭਾਰਾ ਹੋਵੇਗਾ। ਜੇ ਸਾਨੂੰ ਸਰਕਾਰ ਦੀ ਮਨਜ਼ੂਰੀ ਮਿਲ ਜਾਂਦੀ ਹੈ, ਤਾਂ ਅਸੀਂ 2030 ਤੱਕ ਮਿਸ਼ਨ ਨੂੰ ਪੂਰਾ ਕਰਨ ਦੇ ਸਮਰੱਥ ਹੋਵਾਂਗੇ। ਇਸਰੋ ਡਾਇਰੈਕਟਰ ਨੇ ਕਿਹਾ, ਮੰਗਲ ਮਿਸ਼ਨ ਦੇ ਹਿੱਸੇ ਦੇ ਰੂਪ ’ਚ ਮੰਗਲ ਦੀ ਸਤ੍ਹਾ ’ਤੇ ਉਤਰਨ ਦੀ ਕੋਸ਼ਿਸ਼ ਕੀਤੀ ਜਾਵੇਗੀ।

ਸਰਕਾਰ ਨੇ ਭਾਰਤ ਦਾ ਆਪਣਾ ਪੁਲਾੜ ਸਟੇਸ਼ਨ ਬਣਾਉਣ ਦੀ ਵੀ ਮਨਜ਼ੂਰੀ ਦੇ ਦਿੱਤੀ ਹੈ। ਇਹ ਆਈਐੱਸਐੱਸ ਜਿੰਨਾ ਵੱਡਾ ਤਾਂ ਨਹੀਂ ਹੋਵੇਗਾ ਪਰ ਇਸ ’ਚ ਪੰਜ ਮਾਡਿਊਲ ਹੋਣਗੇ। ਅਸੀਂ 2028 ’ਚ ਪਹਿਲਾ ਮਾਡਿਊਲ ਲਾਂਚ ਕਰਾਂਗੇ। ਭਾਰਤ ਦਾ ਪੁਲਾੜ ਸਟੇਸ਼ਨ 2035 ਤੱਕ ਤਿਆਰ ਹੋ ਜਾਵੇਗਾ।