ਇਸਲਾਮਾਬਾਦ –ਭ੍ਰਿਸ਼ਟਾਚਾਰ ਦੇ ਇਕ ਮਾਮਲੇ ’ਚ ਇਮਰਾਨ ਖ਼ਾਨ ਦੀ ਪਤਨੀ ਬੀਬੀ ਬੁਸ਼ਰਾ ਨੂੰ ਗ੍ਰਿਫ਼ਤਾਰ ਕਰਨ ਲਈ ਉਨ੍ਹਾਂ ਦੀ ਰਿਹਾਇਸ਼ ’ਤੇ ਪੁੱਜੀ ਪੁਲਿਸ ਟੀਮ ਨੂੰ ਖਾਲੀ ਹੱਥ ਪਰਤਣਾ ਪਿਆ ਕਿਉਂਕਿ ਉਹ ਉਥੇ ਮੌਜੂਦ ਨਹੀਂ ਸਨ। ਰਾਸ਼ਟਰੀ ਜਵਾਬਦੇਹੀ ਬਿਊਰੋ (ਐੱਨਏਬੀ) ਦੀ ਟੀਮ 23 ਨਵੰਬਰ ਨੂੰ ਪੁਲਿਸ ਨਾਲ 190 ਮਿਲੀਅਨ ਪੌਂਡ ਦੇ ਭਿ੍ਰਸ਼ਟਾਚਾਰ ਦੇ ਮਾਮਲੇ ’ਚ ਬੀਬੀ ਨੂੰ ਗ੍ਰਿਫ਼ਤਾਰ ਕਰਨ ਲਈ ਪਿਸ਼ਾਵਰ ਗਈ ਸੀ।
ਇਹ ਕਦਮ ਜਵਾਬਦੇਹੀ ਅਦਾਲਤ ਵੱਲੋਂ 22 ਨਵੰਬਰ ਦੇ ਫ਼ੈਸਲਾ ’ਚ ਬੀਬੀ ਖ਼ਿਲਾਫ਼ ਗ਼ੈਰ-ਜ਼ਮਾਨਤੀ ਵਾਰੰਟ ਜਾਰੀ ਕਰਨ ਤੋਂ ਬਾਅਦ ਚੁੱਕਿਆ ਗਿਆ ਸੀ ਕਿਉਂਕਿ ਉਹ ਲਗਾਤਾਰ ਅੱਠ ਸੁਣਵਾਈਆਂ ’ਚ ਗੈ਼ਰ-ਹਾਜ਼ਰ ਸਨ। ਜਸਟਿਸ ਨਾਸਿਰ ਜਾਵੇਦ ਰਾਣਾ ਨੇ ਅਦਾਲਤ ’ਚ ਪੇਸ਼ੀ ਤੋਂ ਛੋਟ ਦੀ ਉਨ੍ਹਾਂ ਦੀ ਪਟੀਸ਼ਨ ਖ਼ਾਰਜ ਕਰ ਦਿੱਤੀ ਜਿਸ ਤੋਂ ਬਾਅਦ ਐੱਨਏਬੀ ਨੇ ਰਾਵਲਪਿੰਡੀ ਟੀਮ ਨੂੰ ਬੀਬੀ ਨੂੰ ਗ੍ਰਿਫ਼ਤਾਰ ਕਰਨ ਲਈ ਕਿਹਾ ਸੀ। ਬੀਬੀ ਮੌਜੂਦਾ ਸਮੇਂ ’ਚ ਖੈਬਰ ਪਖ਼ਤੂਨਖਵਾ ਦੇ ਪਿਸ਼ਾਵਰ ’ਚ ਰਹਿ ਰਹੀ ਹਨ, ਜਿਥੇ ਉਨ੍ਹਾਂ ਦੀ ਪਾਰਟੀ ਪੀਟੀਆਈ ਸੱਤਾ ’ਚ ਹੈ। ਉਨ੍ਹਾਂ ਦੀ ਰਿਹਾਇਸ਼ ’ਤੇ ਪਹੁੰਚੇ ਅਧਿਕਾਰੀਆਂ ਵੱਲੋਂ ਜਦੋਂ ਗ੍ਰਿਫ਼ਤਾਰੀ ਦਾ ਵਾਰੰਟ ਦਿਖਾਇਆ ਗਿਆ ਤਾਂ ਉਨ੍ਹਾਂ ਨੂੰ ਜਾਣਕਾਰੀ ਦਿੱਤੀ ਗਈ ਕਿ ਉਹ ਰਿਹਾਇਸ਼ ’ਤੇ ਮੌਜੂਦ ਨਹੀਂ ਹਨ। ਇਸ ਵਿਚਾਲੇ ਹਾਈ ਕੋਰਟ ਨੇ ਸ਼ੁੱਕਰਵਾਰ ਨੂੰ ਅੱਤਵਾਦ ਮਾਮਲੇ ’ਚ ਹਿਰਾਸਤ ’ਚ ਲਏ ਗਏ ਸੀਨੀਅਰ ਪੱਤਰਕਾਰ ਮਤੀਉੱਲਾਹ ਜਾਨ ਨੂੰ ਜੇਲ੍ਹ ਭੇਜਣ ਦਾ ਹੁਕਮ ਦਿੱਤਾ। ਇਸਲਾਮਾਬਾਦ ’ਚ ਗ੍ਰਿਫ਼ਤਾਰ ਕੀਤੇ ਜਾਣ ਤੋਂ ਬਾਅਦ ਵੀਰਵਾਰ ਨੂੰ ਉਨ੍ਹਾਂ ’ਤੇ ਮਾਮਲਾ ਦਰਜ ਕੀਤਾ ਗਿਆ ਸੀ ਤੇ ਰਾਵਲਪਿੰਡੀ ਅੱਤਵਾਦ ਵਿਰੋਧੀ ਅਦਾਲਤ ਨੇ ਦੋ ਦਿਨਾਂ ਦੀ ਰਿਮਾਂਡ ਦਿੱਤੀ ਸੀ।