31 ਅਗਸਤ ਤੋਂ ਬਾਅਦ ਵੀ ਕੈਨੇਡਾ ਆਪਣੇ ਸੈਨਿਕ ਅਫਗਾਨਿਸਤਾਨ ਰੱਖਣ ਲਈ ਤਿਆਰ : ਟਰੂਡੋ

31 ਅਗਸਤ ਤੋਂ ਬਾਅਦ ਵੀ ਕੈਨੇਡਾ ਆਪਣੇ ਸੈਨਿਕ ਅਫਗਾਨਿਸਤਾਨ ਰੱਖਣ ਲਈ ਤਿਆਰ : ਟਰੂਡੋ

24 ਅਗਸਤ : ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਕਹਿਣਾ ਹੈ ਕਿ ਕੈਨੇਡਾ 31 ਅਗਸਤ ਦੀ ਅਮਰੀਕਾ ਵੱਲੋਂ ਦਿੱਤੀ ਗਈ ਡੈੱਡਲਾਈਨ ਤੋਂ ਬਾਅਦ ਵੀ ਆਪਣੇ ਸੈਨਿਕਾ ਨੂੰ ਅਫਗਾਨਿਸਤਾਨ ਵਿੱਚ ਰੱਖਣ ਲਈ ਤਿਆਰ ਹੈ।
ਟਰੂਡੋ ਵੱਲੋਂ ਇਹ ਐਲਾਨ ਮੰਗਲਵਾਰ ਨੂੰ ਜੀ-7 ਆਗੂਆਂ ਨਾਲ ਵਰਚੂਅਲ ਤੌਰ ਉੱਤੇ ਕੀਤੀ ਗਈ ਸਿਖਰ ਵਾਰਤਾ ਵਿੱਚ ਹਿੱਸਾ ਲੈਣ ਤੋਂ ਬਾਅਦ ਕੀਤਾ ਗਿਆ।ਇਹ ਸਾਰੇ ਆਗੂ ਅਫਗਾਨਿਸਤਾਨ ਵਿੱਚ ਤਾਲਿਬਾਨ ਦੇ ਦੇਸ਼ ਦੇ ਹਾਕਮਾਂ ਵਜੋਂ ਮੁੜ ਉਭਾਰ ਸਬੰਧੀ ਪੈਦਾ ਹੋਏ ਸੰਕਟ ਬਾਰੇ ਗੱਲਬਾਤ ਕਰਨ ਲਈ ਵਰਚੂਅਲੀ ਇੱਕਠੇ ਹੋਏ ਸਨ। ਇਸ ਮੀਟਿੰਗ ਵਿੱਚ ਜਾਣ ਤੋਂ ਪਹਿਲਾਂ ਟਰੂਡੋ ਨੇ ਆਪਣੇ ਫੈਸਲੇ ਸਬੰਧੀ ਭਾਫ ਵੀ ਨਹੀਂ ਸੀ ਕੱਢੀ।
ਪਰ ਉਸ ਤੋਂ ਬਾਅਦ ਹੈਮਿਲਟਨ ਵਿੱਚ ਫੈਡਰਲ ਚੋਣ ਕੈਂਪੇਨ ਲਈ ਬੱਸ ਚੜ੍ਹਨ ਤੋਂ ਪਹਿਲਾਂ ਟਰੂਡੋ ਨੇ ਆਖਿਆ ਕਿ ਕੈਨੇਡਾ ਲੋੜ ਪੈਣ ਉੱਤੇ ਹੋਰ ਸਮੇਂ ਲਈ 31 ਅਗਸਤ ਤੋਂ ਬਾਅਦ ਵੀ ਅਫਗਾਨਿਸਤਾਨ ਵਿੱਚ ਰਹਿਣ ਲਈ ਤਿਆਰ ਸੀ।ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੂੰ ਵੀ ਇਹ ਆਸ ਸੀ ਕਿ ਇਸ ਜੀ-7 ਮੀਟਿੰਗ ਵਿੱਚ ਕੁੱਝ ਭਾਈਵਾਲ ਮੁਲਕ 31 ਅਗਸਤ ਦੀ ਡੈੱਡਲਾਈਨ ਤੋਂ ਬਾਅਦ ਵੀ ਅਮਰੀਕੀ ਫੌਜ ਨੂੰ ਉੱਥੇ ਹੀ ਰੁਕਣ ਦੀ ਮੰਗ ਕਰ ਸਕਦੇ ਹਨ। ਦੂਜੇ ਪਾਸੇ ਤਾਲਿਬਾਨ ਨੇ ਇਹ ਸਪਸ਼ਟ ਕਰ ਦਿੱਤਾ ਹੈ ਕਿ ਇਹ ਡੈੱਡਲਾਈਨ ਪੱਕੀ ਹੈ ਤੇ ਇਸ ਤਰੀਕ ਤੱਕ ਸਾਰੀਆਂ ਫੌਜਾਂ ਨੂੰ ਵਾਪਿਸ ਲੈ ਲਿਆ ਜਾਵੇ ਨਹੀਂ ਤਾਂ ਇਸ ਦੇ ਖਤਰਨਾਕ ਨਤੀਜੇ ਨਿਕਲਣਗੇ।
ਇਸ ਵਰਚੂਅਲ ਸਿਖਰ ਵਾਰਤਾ ਦੀ ਮੇਜ਼ਬਾਨੀ ਕਰਨ ਵਾਲੇ ਬ੍ਰਿਟਿਸ਼ ਪ੍ਰਧਾਨ ਮੰਤਰੀ ਬੌਰਿਸ ਜੌਹਨਸਨ ਤੇ ਫਰਾਂਸ ਦੇ ਰਾਸ਼ਟਰਪਤੀ ਇਮੈਨੂਅਲ ਮੈਕਰੌਨ ਵੱਲੋਂ ਵੀ ਹਾਲ ਦੀ ਘੜੀ ਫੌਜਾਂ ਅਫਗਾਨਿਸਤਾਨ ਵਿੱਚ ਰਹਿਣ ਦੇਣ ਦੀ ਅਪੀਲ ਕੀਤੀ ਗਈ। ਇਹ ਆਗੂ ਚਾਹੁੰਦੇ ਹਨ ਕਿ ਜਿਹੜੇ ਅਫਗਾਨੀਆਂ ਨੇ ਅਮੈਰੀਕਨਜ਼ ਤੇ ਨਾਟੋ ਸੈਨਾਵਾਂ ਦੀ ਮਦਦ ਕੀਤੀ ਸੀ ਉਨ੍ਹਾਂ ਨੂੰ ਵੀ ਹੋਰਨਾਂ ਵਿਦੇਸ਼ੀ ਨਾਗਰਿਕਾਂ ਦੇ ਨਾਲ ਹੀ ਦੇਸ਼ ਵਿੱਚੋਂ ਸੁਰੱਖਿਅਤ ਬਾਹਰ ਕੱਢਿਆ ਜਾਵੇ।

Canada International