ਚੰਡੀਗੜ੍ਹ-ਨੈਸਕੋ ਵੱਲੋਂ ਭਵਿੱਖੀ ਸਿੱਖਿਆ ਬਾਰੇ ਦੱਖਣੀ ਕੋਰੀਆ ਦੇ ਜੀਂਉਗੀ ਡੂ ਸ਼ਹਿਰ ਦੇ ਸੁਵਾਨ ਕਨਵੈਨਸ਼ਨ ਸੈਂਟਰ ਵਿਖੇ ਕਰਵਾਏ ਜਾ ਰਹੇ ਅੰਤਰਰਾਸ਼ਟਰੀ ਕਨਵੈਨਸ਼ਨ ਵਿਚ ਭਾਰਤ ਦੀ ਨੁਮਾਇੰਦਗੀ ਕਰਦਿਆਂ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਆਲਮੀ ਪੱਧਰ ’ਤੇ ਪੈਂਦਾ ਹੋ ਰਹੀਆਂ ਚੁਣੌਤੀਆਂ ਦਾ ਹੱਲ ਸਿੱਖਿਆ ਦੇ ਖੇਤਰ ਵਿਚ ਨਿਵੇਕਲੀਆਂ ਤਬਦੀਲੀਆਂ ਨਾਲ ਹੀ ਕੱਢਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਇਸੇ ਦਿਸ਼ਾ ਵਿਚ ਕੰਮ ਕਰ ਰਹੀ ਹੈ । ਬੈਂਸ ਨੇ ਅੰਤਰਰਾਸ਼ਟਰੀ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਇੱਕ ਬੁਨਿਆਦੀ ਢਾਂਚਾ ਵਿਕਾਸ ਮਿਸ਼ਨ ਸ਼ੁਰੂ ਕੀਤਾ ਗਿਆ ਹੈ, ਜਿਸ ’ਚ ਵਿਦਿਅਕ ਵਾਤਾਵਰਨ ਦੀ ਸਿਰਜਣਾ ਨੂੰ ਹੋਰ ਮਜ਼ਬੂਤ ਕਰਨ ‘ਤੇ ਧਿਆਨ ਕੇਂਦ੍ਰਿਤ ਕੀਤਾ ਗਿਆ ਹੈ, ਜਿਸ ’ਚ ਹਜ਼ਾਰਾਂ ਨਵੇਂ ਕਲਾਸਰੂਮਾਂ ਦੀ ਉਸਾਰੀ, ਸਕੂਲ ਸੁਰੱਖਿਆ ਲਈ ਚਾਰਦੀਵਾਰੀ ਬਣਾਉਣਾ, ਵਿਦਿਆਰਥੀਆਂ ਨੂੰ ਬੱਸ ਸੇਵਾਵਾਂ ਪ੍ਰਦਾਨ ਕਰਨਾ, ਸਕੂਲਾਂ ਵਿਚ ਵਾਈ-ਫਾਈ ਲਗਾਉਣਾ ਅਤੇ ਵਿਦਿਆਰਥੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਸੁਰੱਖਿਆ ਗਾਰਡਾਂ ਨੂੰ ਤਾਇਨਾਤ ਕਰਨਾ ਸ਼ਾਮਲ ਹੈ।
ਕੈਬਨਿਟ ਮੰਤਰੀ ਨੇ ਕਿਹਾ ਕਿ ਇਹ ਵਿਆਪਕ ਉਪਾਅ ਇੱਕ ਸੁਰੱਖਿਅਤ ਅਤੇ ਤਕਨੀਕੀ ਸਿੱਖਿਅਕ ਮਾਹੌਲ ਬਣਾਉਣ ਲਈ ਦੱਸੇ ਗਏ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੀ ਵਿਦਿਅਕ ਰਣਨੀਤੀ ਅਧਿਆਪਕਾਂ ਦੇ ਸਸ਼ਕਤੀਕਰਨ ਅਤੇ ਆਲਮੀ ਪੱਧਰ ’ਤੇ ਸਿਖਲਾਈ ’ਤੇ ਕੇਂਦਰਿਤ ਹੈ। ਸੂਬੇ ਵੱਲੋਂ ਸਿਖਿਅਕਾਂ ਨੂੰ ਪ੍ਰਮੁੱਖ ਗਲੋਬਲ ਸੰਸਥਾਵਾਂ ਵਿਚ ਭੇਜਦੇ ਹੋਏ ਵਿਸਥਾਰਤ ਅਧਿਆਪਕ ਸਿਖਲਾਈ ਪ੍ਰੋਗਰਾਮ ਸ਼ੁਰੂ ਕੀਤੇ ਗਏ ਹਨ। ਪ੍ਰਿੰਸੀਪਲਾਂ ਨੂੰ ਸਿੰਗਾਪੁਰ ਪ੍ਰਿੰਸੀਪਲ ਅਕੈਡਮੀ ਵਿਚ ਸਿਖਲਾਈ ਦਿੱਤੀ ਗਈ ਹੈ, ਜਦੋਂ ਕਿ ਐਲੀਮੈਂਟਰੀ ਅਧਿਆਪਕਾਂ ਨੇ ਫਿਨਲੈਂਡ ਦੇ ਪ੍ਰਸਿੱਧ ਸਿੱਖਿਆ ਮਾਡਲ ਤਹਿਤ ਵਿਸ਼ੇਸ਼ ਸਿਖਲਾਈ ਦਿੱਤੀ ਕੀਤੀ ਹੈ, ਜਿਸ ਸਦਕਾ ਪੰਜਾਬ ਦੇ ਸਕੂਲਾਂ ’ਚ ਵਿਸ਼ਵ ਪੱਧਰੀ ਸਿੱਖਿਆ ਪ੍ਰਦਾਨ ਕਰਨੀ ਸ਼ੁਰੂ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਰਵਾਇਤੀ ਵਿਦਿਅਕ ਢਾਂਚੇ ਤੋਂ ਉਭਰ ਕੇ ਨਵੇਂ ਸਿੱਖਿਆ ਸਿਧਾਤਾਂ ਨੂੰ ਪੇਸ਼ ਕੀਤਾ ਹੈ। “ਸਕੂਲ ਆਫ਼ ਐਮੀਨੈਂਸ” ਪੇਸ਼ੇਵਰ ਸਿਖਲਾਈ ‘ਤੇ ਕੇਂਦ੍ਰਤ ਹਨ, ਜਦੋਂਕਿ “ਸਕੂਲ ਆਫ਼ ਅਪਲਾਈਡ ਲਰਨਿੰਗ” ਕਿੱਤਾਮੁਖੀ ਹੁਨਰਾਂ ‘ਤੇ ਅਧਾਰਤ ਹੈ ਅਤੇ “ਸਕੂਲ ਆਫ਼ ਹੈਪੀਨੈਸ” ਵਿਲੱਖਣ ਬਾਲ-ਮਨੋਵਿਗਿਆਨ-ਅਧਾਰਤ ਸਿੱਖਣ ਪਹੁੰਚ ਨੂੰ ਦਰਸਾਉਂਦਾ ਹੈ ਜੋ ਨਵੇਂ ਯੁੱਗ ਦੀ ਸਿੱਖਿਆ ਨੀਤੀ ਦੇ ਵਿਦਿਅਕ ਅਨੁਭਵਾਂ ਲਈ ਤਿਆਰ ਕੀਤਾ ਗਿਆ ਹੈ। ਬੈਂਸ ਨੇ ਜਲਵਾਯੂ ਤਬਦੀਲੀ, ਅੱਤਵਾਦ ਅਤੇ ਸਮਾਜਿਕ ਅਸਮਾਨਤਾਵਾਂ ਦਾ ਮੁੱਦਾ ਚੁੱਕਿਆ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦਾ ਮਿਸ਼ਨ ਸਪੱਸ਼ਟ ਹੈ ਜੋ ਇਹ ਯਕੀਨੀ ਬਣਾਉਂਦਾ ਹੈ ਕਿ ਕੋਈ ਵੀ ਬੱਚਾ ਸਿੱਖਿਆ ਲੈਣ ਲਈ ਵਾਂਝਾ ਨਾ ਰਹੇ ਅਤੇ ਹਰੇਕ ਬੱਚੇ ਦੀ ਗੁਣਵੱਤਾ ਵਾਲੀ ਸਿੱਖਿਆ ਤੱਕ ਪਹੁੰਚ ਹੋਵੇ, ਜੋ ਉਨ੍ਹਾਂ ਨੂੰ ਭਵਿੱਖ ਦੀਆਂ ਚੁਣੌਤੀਆਂ ਲਈ ਤਿਆਰ ਕਰਦੀ ਹੈ।
ਕੈਬਨਿਟ ਮੰਤਰੀ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਦੱਸਿਆ ਕਿ ਯੂਨੈਸਕੋ ਫੋਰਮ ਦੌਰਾਨ ਉਨ੍ਹਾਂ ਨੂੰ ਪੰਜਾਬ ਦੀਆਂ ਵਿਦਿਅਕ ਕਾਢਾਂ ਪੇਸ਼ ਕਰਨ ਦੇ ਨਾਲ-ਨਾਲ ਸੂਬੇ ਦੇ ਅਮੀਰ ਸੱਭਿਆਚਾਰਕ ਅਤੇ ਦਾਰਸ਼ਨਿਕ ਵਿਰਸੇ ਨੂੰ ਸਾਂਝਾ ਕਰਨ ਦਾ ਸਨਮਾਨ ਮਿਲਿਆ ਜੋ ਸਿੱਖਣ ਅਤੇ ਸਮਾਜਿਕ ਵਿਕਾਸ ਲਈ ਸਾਡੀ ਪਹੁੰਚ ਨੂੰ ਦਰਸਾਉਂਦਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਇਸ ਗਲੋਬਲ ਪਲੇਟਫਾਰਮ ’ਤੇ ਸ੍ਰੀ ਅਨੰਦਪੁਰ ਸਾਹਿਬ, ਇੱਕ ਅਜਿਹੀ ਥਾਂ ਹੈ ਜੋ ਭਾਈਚਾਰਕ ਸਾਂਝ ਅਤੇ ਵਿਸ਼ਵ-ਵਿਆਪੀ ਸਦਭਾਵਨਾ ਦੇ ਡੂੰਘੇ ਸਿਧਾਂਤਾਂ ਦਾ ਪ੍ਰਤੀਕ ਹੈ, ਜਿਸਦੀ ਇਤਿਹਾਸਕ ਮਹੱਤਤਾ ਨੂੰ ਉਜਾਗਰ ਕੀਤਾ। ਉਨ੍ਹਾਂ ਅੱਗੇ ਦੱਸਿਆ ਕਿ ਕਿਵੇਂ ਦਸਵੇਂ ਸਿੱਖ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਰੰਗ, ਨਸਲ ਅਤੇ ਜਾਤ ਦੀਆਂ ਪਰੰਪਰਾਗਤ ਸੀਮਾਵਾਂ ਤੋਂ ਉਪਰ ਉੱਠ ਕੇ ਵਿਸ਼ਵ ਨੂੰ ਸਾਂਝੇਦਾਰੀ ਅਤੇ ਸਮੂਹਿਕ ਮਾਨਵਤਾ ਦਾ ਇੱਕ ਮਹਾਨ ਸੰਦੇਸ਼ ਦਿੱਤਾ ਸੀ।