ਬਰੈਂਪਟਨ ‘ਚ ਗੋਲੀਬਾਰੀ ਦਾ ਸ਼ਿਕਾਰ ਹੋਣ ਵਾਲੇ ਦੋ ਪੰਜਾਬੀ ਸਕੇ ਭਰਾ
ਬੀਤੇ ਦਿਨ ਬਰੈਂਪਟਨ ‘ਚ ਗੋਲੀਬਾਰੀ ‘ਚ ਮਾਰੇ ਗਏ ਨੌਜਵਾਨ ਦੀ ਪਹਿਚਾਣ ਖੁਸ਼ਵੰਤਪਾਲ ਸਿੰਘ ਤਰਨਤਾਰਨ ਦੇ ਪਿੰਡ ਨੰਦਪੁਰ ਵਜੋਂ ਦੱਸੀ ਜਾ ਰਹੀ ਹੈ । ਜਾਣਕਾਰੀ ਅਨੁਸਾਰ ਗੋਲੀਬਾਰੀ ਦਾ ਸ਼ਿਕਾਰ ਹੋਣ ਵਾਲੇ ਨੌਜਵਾਨ ਦੋਵੇਂ ਸਕੇ ਭਰਾ ਹਨ ।
ਇਹਨਾਂ ਦੇ ਪਿਤਾ ਸਰਬਜੀਤ ਸਿੰਘ ਨੇ ਇੱਕ ਪੰਜਾਬੀ ਅਖਬਾਰ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਉਹਨਾਂ ਦਾ ਵੱਡਾ ਪੁੱਤਰ ਖੁਸ਼ਵੰਤ ਪਾਲ ਸਿੰਘ ਕੁਝ ਸਾਲ ਪਹਿਲਾਂ ਕੈਨੇਡਾ ਗਿਆ ਸੀ ਜਦੋਂ ਕਿ ਪ੍ਰਿਤਪਾਲ ਸਿੰਘ ਛੋਟਾ ਲੜਕਾ ਕੁਝ ਸਮਾਂ ਪਹਿਲਾਂ ਹੀ ਆਪਣੇ ਭਰਾ ਕੋਲ ਕੈਨੇਡਾ ਗਿਆ ਸੀ ।
ਪਿਤਾ ਸਰਬਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਦੋ ਲੜਕੇ ਹਨ ਤੇ ਦੋਵੇਂ ਵਿਦੇਸ਼ ਰਹਿੰਦੇ ਸਨ। ਉਨ੍ਹਾਂ ਨੇ ਦੱਸਿਆ ਕਿ ਉਹ ਜਿਸ ਮਕਾਨ ਵਿੱਚ ਰਹਿ ਰਹੇ ਸੀ, ਉਹ ਕਿਰਾਏ ‘ਤੇ ਸੀ। ਕਿਸੇ ਨੇ ਉਸ ਦੇ ਮਕਾਨ ਮਾਲਕ ਨੂੰ ਫੋਨ ਕਰਕੇ ਫਿਰੌਤੀ ਦੀ ਮੰਗ ਕੀਤੀ ਤੇ ਮਕਾਨ ਮਾਲਕ ਮੇਰੇ ਦੋਵਾਂ ਪੁੱਤਰਾਂ ਨੂੰ ਬਿਨਾਂ ਦੱਸੇ ਪਰਿਵਾਰ ਸਮੇਤ ਕਿਤੇ ਹੋਰ ਚਲਾ ਗਿਆ। ਜੇ ਉਨ੍ਹਾਂ ਨੂੰ ਪਹਿਲਾਂ ਸੂਚਿਤ ਕੀਤਾ ਹੁੰਦਾ ਤਾਂ ਸ਼ਾਇਦ ਉਨ੍ਹਾਂ ਦੇ ਦੋਵੇਂ ਪੁੱਤਰ ਸੁਚੇਤ ਹੋ ਜਾਂਦੇ ਅਤੇ ਅਜਿਹੀ ਘਟਨਾ ਨਾ ਵਾਪਰਦੀ। ਪੀੜਤ ਪਰਿਵਾਰ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਦੇ ਲੜਕੇ ਦੀ ਲਾਸ਼ ਨੂੰ ਇੱਥੇ ਲਿਆਉਣ ਲਈ ਜਲਦੀ ਤੋਂ ਜਲਦੀ ਮਦਦ ਕੀਤੀ ਜਾਵੇ।
(ਗੁਰਮੁੱਖ ਸਿੰਘ ਬਾਰੀਆ )