ਪੁਲਾੜ ਤੋਂ ਆਈ ਖ਼ੁਸ਼ਖ਼ਬਰੀ! ਇਸ ਦਿਨ ਧਰਤੀ ‘ਤੇ ਵਾਪਸੀ ਕਰੇਗੀ ਸੁਨੀਤਾ ਵਿਲੀਅਮਜ਼

ਕੇਪ ਕੈਨਵੇਰਲ – ਭਾਰਤੀ ਮੂਲ ਦੀ ਪੁਲਾੜ ਯਾਤਰੀ ਸੁਨੀਤਾ ਵਿਲੀਅਮਜ਼ ( (Sunita Williams) ਛੇ ਮਹੀਨਿਆਂ ਤੋਂ ਆਪਣੇ ਸਾਥੀ ਪੁਲਾੜ ਯਾਤਰੀ ਬੁਚ ਵਿਲਮੋਰ (Butch Wilmore) ਨਾਲ ਪੁਲਾੜ ਵਿਚ ਫਸੀ ਹੋਈ ਹੈ। ਵੀਰਵਾਰ ਨੂੰ ਦੋਹਾਂ ਨੂੰ ਪੁਲਾੜ ‘ਚ ਗਿਆਂ ਛੇ ਮਹੀਨੇ ਹੋ ਗਏ ਹਨ। ਧਰਤੀ ‘ਤੇ ਪਰਤਣ ਲਈ ਅਜੇ ਦੋ ਮਹੀਨੇ ਹੋਰ ਬਾਕੀ ਹਨ।

ਦੋਵੇਂ ਬੋਇੰਗ ਦੇ ਨਵੇਂ ਸਟਾਰਲਾਈਨਰ ਕਰੂ ਕੈਪਸੂਲ ’ਚ 5 ਜੂਨ ਨੂੰ ਪੁਲਾੜ ਵਿਚ ਗਏ ਸਨ। ਉਨ੍ਹਾਂ ਨੇ ਇਕ ਹਫ਼ਤੇ ਵਿਚ ਵਾਪਸ ਆਉਣਾ ਸੀ ਪਰ ਸਟਾਰਲਾਈਨਰ ਪੁਲਾੜ ਯਾਨ ਵਿਚ ਖ਼ਰਾਬੀ ਕਾਰਨ ਦੋਵੇਂ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ‘ਤੇ ਫਸੇ ਹੋਏ ਹਨ। ਨਾਸਾ ਨੇ ਪੁਲਾੜ ਯਾਨ ਨੂੰ ਵਾਪਸੀ ਦੀ ਉਡਾਣ ਲਈ ਬਹੁਤ ਜੋਖ਼ਮ ਭਰਿਆ ਮੰਨਿਆ, ਇਸ ਲਈ ਉਨ੍ਹਾਂ ਨੂੰ ਧਰਤੀ ‘ਤੇ ਵਾਪਸ ਆਉਣ ਲਈ ਫਰਵਰੀ ਤਕ ਇੰਤਜ਼ਾਰ ਕਰਨਾ ਪਵੇਗਾ। ਨਾਸਾ ਨੇ ਸੁਨੀਤਾ ਤੇ ਵਿਲਮੋਰ ਦੀ ਵਾਪਸੀ ਲਈ ਆਪਣੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ।

ਸਪੇਸਐਕਸ ਕਰੂ-9 ਮਿਸ਼ਨ 28 ਸਤੰਬਰ, 2024 ਨੂੰ ਪੁਲਾੜ ਯਾਤਰੀਆਂ ਸੁਨੀਤਾ ਵਿਲੀਅਮਜ਼ ਅਤੇ ਬੁਚ ਵਿਲਮੋਰ ਨੂੰ ਵਾਪਸ ਕਰਨ ਲਈ ਲਾਂਚ ਕੀਤਾ ਗਿਆ ਸੀ। ਇਸ ‘ਚ ਦੋ ਪੁਲਾੜ ਯਾਤਰੀਆਂ ਨੂੰ ਭੇਜਿਆ ਗਿਆ ਹੈ, ਤਾਂ ਜੋ ਵਾਪਸੀ ‘ਤੇ ਉਹ ਸੁਨੀਤਾ ਵਿਲੀਅਮਜ਼ ਤੇ ਬੁਚ ਵਿਲਮੋਰ ਨੂੰ ਵਾਪਸ ਲਿਆ ਸਕਣ।