ਦਸ ਗੈਂਗਸਟਰ ਗ੍ਰਿਫ਼ਤਾਰ; ਹਥਿਆਰ ਅਤੇ ਡਰੋਨ ਬਰਾਮਦ

ਅੰਮ੍ਰਿਤਸਰ-ਕਮਿਸ਼ਨਰੇਟ ਪੁਲੀਸ (ਸੀਪੀ) ਅੰਮ੍ਰਿਤਸਰ ਨੇ ਪਾਕਿਸਤਾਨ ਆਧਾਰਿਤ ਹਰਵਿੰਦਰ ਰਿੰਦਾ ਅਤੇ ਵਿਦੇਸ਼ ਆਧਾਰਿਤ ਹੈਪੀ ਪੱਸ਼ੀਆਂ, ਜੀਵਨ ਫੌਜੀ ਅਤੇ ਜਸ਼ਨਪ੍ਰੀਤ ਸਿੰਘ ਉਰਫ਼ ਲਾਲ ਵੱਲੋਂ ਚਲਾਏ ਜਾ ਰਹੇ ਗੈਂਗਸਟਰ ਮੌਡਿਊਲ ਦੇ ਚਾਰ ਮੁੱਖ ਸੰਚਾਲਕਾਂ ਸਣੇ 10 ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਪੁਲੀਸ ਨੇ ਇਸ ਕਾਰਵਾਈ ਨਾਲ ਬਟਾਲਾ ਖੇਤਰ ਵਿੱਚ ਇੱਕ ਪੁਲੀਸ ਅਦਾਰੇ ’ਤੇ ਸੰਭਾਵਿਤ ਹਮਲੇ ਨੂੰ ਟਾਲਣ ਵਿੱਚ ਸਫਲਤਾ ਹਾਸਲ ਕੀਤੀ ਹੈ।

ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਚਾਰ ਮੁੱਖ ਮੁਲਜ਼ਮਾਂ ਦੀ ਪਛਾਣ ਅਰਜਨਪ੍ਰੀਤ ਸਿੰਘ ਵਾਸੀ ਅਵਾਣ ਰਾਮਦਾਸ, ਲਵਪ੍ਰੀਤ ਸਿੰਘ ਉਰਫ ਲਵ ਵਾਸੀ ਪੇਰੇਵਾਲ, ਬਸੰਤ ਸਿੰਘ ਅਤੇ ਅਮਨਪ੍ਰੀਤ ਸਿੰਘ ਉਰਫ਼ ਅਮਨ ਦੋਵੇਂ ਵਾਸੀ ਬਾਬਾ ਬਕਾਲਾ ਸਾਹਿਬ, ਅੰਮ੍ਰਿਤਸਰ ਵਜੋਂ ਹੋਈ ਹੈ। ਇਸ ਦੇ ਨਾਲ ਹੀ ਇਨ੍ਹਾਂ ਨੂੰ ਮਦਦ ਦੇਣ ਵਾਲਿਆਂ ਦੀ ਪਛਾਣ ਬਰਿੰਦਰਪਾਲ ਸਿੰਘ ਉਰਫ਼ ਮਨੀ ਅਤੇ ਰਾਜਬੀਰ ਸਿੰਘ ਉਰਫ਼ ਰਾਜੂ, ਵਿਸ਼ਵਾਸ ਮਸੀਹ ਉਰਫ਼ ਭੰਬੋ ਸਾਰੇ ਵਾਸੀ ਜ਼ਿਲ੍ਹਾ ਅੰਮ੍ਰਿਤਸਰ, ਦਿਲਪ੍ਰੀਤ ਸਿੰਘ ਉਰਫ ਮੰਨਾ, ਹਰਜੋਤ ਕੁਮਾਰ ਉਰਫ ਮਿੱਠੂ ਅਤੇ ਜੋਇਲ ਮਸੀਹ ਉਰਫ ਰੋਹਨ ਉਰਫ ਨੋਨੀ ਤਿੰਨੋਂ ਵਾਸੀ ਡੇਰਾ ਬਾਬਾ ਨਾਨਕ ਬਟਾਲਾ ਵਜੋਂ ਹੋਈ ਹੈ। ਡੀਜੀਪੀ ਨੇ ਦੱਸਿਆ ਕਿ ਪੁਲੀਸ ਨੇ ਉਨ੍ਹਾਂ ਦੇ ਕਬਜ਼ੇ ਵਿੱਚੋਂ ਤਿੰਨ ਪਿਸਤੌਲ, ਇੱਕ ਹੱਥਗੋਲਾ ਅਤੇ ਇੱਕ ਡਰੋਨ ਵੀ ਬਰਾਮਦ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਅਗਲੇਰੀ ਜਾਂਚ ਜਾਰੀ ਹੈ।

ਸੀਪੀ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਗੁਪਤ ਜਾਣਕਾਰੀ ’ਤੇ ਅੰਮ੍ਰਿਤਸਰ ਕਮਿਸ਼ਨਰੇਟ ਪੁਲੀਸ ਨੇ ਕਾਰਵਾਈ ਸ਼ੁਰੂ ਕੀਤੀ ਅਤੇ ਅੰਮ੍ਰਿਤਸਰ ਦਿਹਾਤੀ, ਬਟਾਲਾ ਅਤੇ ਅੰਮ੍ਰਿਤਸਰ ਸ਼ਹਿਰ ਦੇ ਰਾਮਦਾਸ ਖੇਤਰ ਸਣੇ ਵੱਖ-ਵੱਖ ਇਲਾਕਿਆਂ ਤੋਂ ਸਾਰੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ। ਉਨ੍ਹਾਂ ਦੱਸਿਆ ਕਿ ਇਹ ਬਰਾਮਦਗੀ ਡੇਰਾ ਬਾਬਾ ਨਾਨਕ ਦੇ ਪਿੰਡ ਖਾਨਾ ਚਮਾਰਾ, ਰਾਮਦਾਸ ਦੇ ਪਿੰਡ ਅਵਾਣ ਤੇ ਅੰਮ੍ਰਿਤਸਰ ਸ਼ਹਿਰ ਦੇ ਵੱਲਾ ਖੇਤਰ ਤੋਂ ਕੀਤੀ ਗਈ ਹੈ।

ਉਨ੍ਹਾਂ ਦੱਸਿਆ ਕਿ ਦੋਵੇਂ ਮੁਲਜ਼ਮਾਂ ਬਸੰਤ ਸਿੰਘ ਅਤੇ ਅਮਨਪ੍ਰੀਤ ਸਿੰਘ ਉਰਫ਼ ਅਮਨ ਦੀ ਗ੍ਰਿਫ਼ਤਾਰੀ ਨਾਲ ਅੰਮ੍ਰਿਤਸਰ ਕਮਿਸ਼ਨਰੇਟ ਪੁਲੀਸ ਨੇ 28 ਨਵੰਬਰ ਨੂੰ ਬਟਾਲਾ ਵਿੱਚ ਪੁਲੀਸ ਅਧਿਕਾਰੀ ਦੀ ਰਿਹਾਇਸ਼ ’ਤੇ ਹੋਏ ਹਮਲੇ ਦਾ ਮਾਮਲਾ ਵੀ ਸੁਲਝਾ ਲਿਆ ਹੈ। ਉਨ੍ਹਾਂ ਕਿਹਾ ਕਿ ਪੁਲੀਸ ਨੇ ਇਨ੍ਹਾਂ ਦੇ ਹੋਰ ਸਾਥੀਆਂ ਦੀ ਵੀ ਪਛਾਣ ਕਰ ਲਈ ਹੈ ਅਤੇ ਉਨ੍ਹਾਂ ਨੂੰ ਫੜਨ ਲਈ ਛਾਪੇ ਮਾਰੇ ਜਾ ਰਹੇ ਹਨ। ਇਸ ਸਬੰਧੀ ਥਾਣਾ ਛਾਉਣੀ, ਅੰਮ੍ਰਿਤਸਰ ਵਿੱਚ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ।