ਸ੍ਰੀ ਆਨੰਦਪੁਰ ਸਾਹਿਬ-ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਲਗਾਈ ਗਈ ਤਨਖਾਹ ਅਨੁਸਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਦੂਜੇ ਦਿਨ ਵੀ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਸੇਵਾ ਕੀਤੀ। ਉਨ੍ਹਾਂ ਤਖ਼ਤ ਸਾਹਿਬ ਦੇ ਮੁੱਖ ਦੁਆਰ ’ਤੇ ਸੇਵਾਦਾਰ ਵਜੋਂ ਸੇਵਾ ਕੀਤੀ, ਮਗਰੋਂ ਇੱਕ ਘੰਟਾ ਗੁਰਬਾਣੀ ਕੀਰਤਨ ਸਰਵਣ ਕੀਤਾ। 11 ਤੋਂ 12 ਵਜੇ ਤੱਕ ਲੰਗਰ ਹਾਲ ’ਚ ਜੂਠੇ ਬਰਤਨ ਮਾਂਜੇ।
ਇਸ ਮੌਕੇ ਉਨ੍ਹਾਂ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ, ਹਰਸਿਮਰਤ ਕੌਰ ਬਾਦਲ, ਬਿਕਰਮ ਸਿੰਘ ਮਜੀਠੀਆ, ਡਾ. ਦਲਜੀਤ ਸਿੰਘ ਚੀਮਾ, ਜਥੇਦਾਰ ਹੀਰਾ ਸਿੰਘ ਗਾਬੜੀਆ, ਗੁਲਜ਼ਾਰ ਸਿੰਘ ਰਣੀਕੇ ਤੇ ਸੁੱਚਾ ਸਿੰਘ ਲੰਗਾਹ ਨੇ ਵੀ ਜੂਠੇ ਭਾਂਡੇ ਸਾਫ਼ ਕਰਨ ਦੀ ਸੇਵਾ ਕੀਤੀ।
ਇਸੇ ਦੌਰਾਨ ਇੱਥੇ ਸੇਵਾ ਕਰਨ ਉਪਰੰਤ ਮੀਡੀਆ ਨਾਲ ਗੱਲਬਾਤ ਕਰਦਿਆਂ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਉਹ ਅਜਿਹੇ ਅਧਿਕਾਰੀ ਨੂੰ ਨਸ਼ਰ ਕਰਨ ਤੋਂ ਨਹੀਂ ਡਰਨਗੇ ਜਿਹੜੇ ‘ਆਪ’ ਵੱਲੋਂ ਦਿੱਤੀ ਸਕ੍ਰਿਪਟ ਨੂੰ ਪੜ੍ਹਦੇ ਹੋਣ। ਅਜਿਹਾ ਕਰਨ ਨਾਲ ਉਨ੍ਹਾਂ ਖ਼ਿਲਾਫ਼ ਝੂਠੇ ਕੇਸ ਵੀ ਕੀਤੇ ਜਾ ਸਕਦੇ ਹਨ ਤੇ ਉਨ੍ਹਾਂ ਦਾ ਪੁਲੀਸ ਮੁਕਾਬਲਾ ਵੀ ਬਣਾਇਆ ਜਾ ਸਕਦਾ ਹੈ। ਸ੍ਰੀ ਮਜੀਠੀਆ ਨੇ ਕਿਹਾ ਕਿ ਐੱਸਪੀ ਹਰਪਾਲ ਸਿੰਘ ਨੂੰ ਮੁਅੱਤਲ ਕਰ ਕੇ ਗ੍ਰਿਫ਼ਤਾਰ ਕੀਤਾ ਜਾਵੇ ਤੇ ਮਾਮਲੇ ਦੀ ਨਿਆਂਇਕ ਜਾਂਚ ਕਰਵਾਈ ਜਾਵੇ।
ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਲਾਈ ਸੇਵਾ ਤਹਿਤ ਸਾਬਕਾ ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਅੱਜ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਪੁੱਜੇ ਜਿੱਥੇ ਉਨ੍ਹਾਂ ਜੋੜਾ ਘਰ ਵਿੱਚ ਜੋੜੇ ਸਾਫ਼ ਕਰਨ, ਸ੍ਰੀ ਦਰਬਾਰ ਸਾਹਿਬ ਵਿਚ ਮੱਥਾ ਟੇਕਣ ਅਤੇ ਕੀਰਤਨ ਸਰਵਣ ਕਰਨ ਉਪਰੰਤ ਲੰਗਰ ਹਾਲ ਵਿੱਚ ਸੇਵਾ ਕੀਤੀ। ਇਸ ਦੌਰਾਨ ਉਨ੍ਹਾਂ ਕਿਹਾ ਕਿ ਅੱਠ ਦਸੰਬਰ ਨੂੰ ਸੇਵਾ ਸਮਾਪਤ ਹੋਣ ਉਪਰੰਤ ਉਹ ਲੱਗੇ ਦੋਸ਼ਾਂ ਸਬੰਧੀ ਪੁਖਤਾ ਸਬੂਤ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ ਕਰਨਗੇ। ਇਸ ਮੌਕੇ ਉਨ੍ਹਾਂ ਦੇ ਪੁੱਤਰ ਹਰਿੰਦਰਪਾਲ ਸਿੰਘ ਚੰਦੂਮਾਜਰਾ, ਐਡਵੋਕੇਟ ਸਿਮਰਨਜੀਤ ਸਿੰਘ ਚੰਦੂਮਾਜਰਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਕਰਨੈਲ ਸਿੰਘ ਪੰਜੋਲੀ, ਸਾਬਕਾ ਚੇਅਰਮੈਨ ਹਰਭਜਨ ਸਿੰਘ ਚਨਾਰਥਲ, ਜਗਜੀਤ ਸਿੰਘ ਕੋਹਲੀ, ਬਾਰ ਐਸੋਸੀਏਸਨ ਦੇ ਸਾਬਕਾ ਪ੍ਰਧਾਨ ਰਾਜਵੀਰ ਸਿੰਘ ਗਰੇਵਾਲ, ਦਿਲਬਾਗ ਸਿੰਘ ਬਧੌਛੀ, ਗੁਰਮੁੱਖ ਸਿੰਘ ਸੁਹਾਗਹੇੜੀ, ਦਰਬਾਰਾ ਸਿੰਘ ਰੰਧਾਵਾ, ਸਾਬਕਾ ਚੇਅਰਮੈਨ ਮਨਦੀਪ ਸਿੰਘ, ਸਾਬਕਾ ਚੇਅਰਮੈਨ ਬਲਤੇਜ ਸਿੰਘ ਮਹਿਮੂਦਪੁਰ ਆਦਿ ਸ਼ਾਮਲ ਸਨ।
ਸਾਬਕਾ ਅਕਾਲੀ ਮੰਤਰੀ ਸੁਰਜੀਤ ਸਿੰਘ ਰੱਖੜਾ ਨੇ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ’ਤੇ ਅੱਚ ਚੌਥੇ ਦਿਨ ਵੀ ਸੇਵਾ ਨਿਭਾਈ ਹੈ। ਆਪਣੇ ਪਿੰਡ ਵਿਚਲੇ ਗੁਰਦੁਆਰਾ ਗੁਰਬਾਣੀ ਗਿਆਨ ਕੇਂਦਰ ਵਿੱਚ ਦੂਜੇ ਦਿਨ ਲੰਗਰ ਵਰਤਾ ਕੇ ਸੇਵਾ ਨਿਭਾਈ। ਇਸ ਦੌਰਾਨ ਉਨ੍ਹਾਂ ਬਰਤਨ ਵੀ ਸਾਫ਼ ਕੀਤੇ।