ਦੇਹਰਾਦੂਨ : ਭਾਰਤੀ ਪੈਟਰੋਲੀਅਮ ਸੰਸਥਾਨ (ਆਈਆਈਪੀ), ਦੇਹਰਾਦੂਨ ਨੇ ਪਾਈਪਡ ਨੈਚੁਰਲ ਗੈਸ (ਪੀਐੱਨਜੀ) ਲਈ ਇਕ ਅਜਿਹਾ ਚੁੱਲ੍ਹਾ ਤਿਆਰ ਕੀਤਾ ਹੈ ਜਿਸ ਦੇ ਇਸਤੇਮਾਲ ਨਾਲ ਗੈਸ ਦੀ ਖਪਤ 20 ਤੋਂ 25 ਫ਼ੀਸਦੀ ਤਕ ਘੱਟ ਹੋ ਜਾਵੇਗੀ। ਇਸ ਵਿਚ ਉੱਚ ਸੁਰੱਖਿਆ ਮਾਪਦੰਡਾਂ ਦਾ ਵੀ ਧਿਆਨ ਰੱਖਿਆ ਗਿਆ ਹੈ। ਸੰਸਥਾਨ ਨੇ ਦੇਸ਼ ਭਰ ਦੀਆਂ 40 ਕੰਪਨੀਆਂ ਨੂੰ ਪੀਐੱਨਜੀ ਬਰਨਰ ਤੇ ਚੁੱਲ੍ਹੇ ਦੇ ਨਿਰਮਾਣ ਦੇ ਲਾਇਸੈਂਸ ਵੀ ਜਾਰੀ ਕਰ ਦਿੱਤੇ ਹਨ।
ਆਈਆਈਪੀ ਦੇ ਨਿਰਦੇਸ਼ਕ ਡਾ. ਅੰਜਨ ਰੇ ਮੁਤਾਬਕ ਕਰੀਬ ਢਾਈ ਸਾਲ ਦੀ ਖੋਜ ਤੋਂ ਬਾਅਦ ਸੰਸਥਾਨ ਦੇ ਵਿਗਿਆਨੀਆਂ ਨੇ ਪੀਐੱਨਜੀ ਬਰਨਰ ਅਤੇ ਚੁੱਲ੍ਹੇ ਦੀ ਨਵੀਂ ਤਕਨੀਕ ਵਿਕਸਤ ਕਰਨ ਵਿਚ ਕਾਮਯਾਬੀ ਹਾਸਲ ਕੀਤੀ। ਇਸ ਦੇ ਕਾਰੋਬਾਰੀ ਇਸਤੇਮਾਲ ਲਈ ਪੀਐੱਨਜੀ ਬਰਨਰ ਤੇ ਚੁੱਲ੍ਹੇ ਦੇ ਨਿਰਮਾਣ ਲਈ ਦੇਸ਼ ਭਰ ਦੀਆਂ 40 ਕੰਪਨੀਆਂ ਨੂੰ ਲਾਇਸੈਂਸ ਜਾਰੀ ਕਰ ਦਿੱਤੇ ਹਨ। ਵਰਤਮਾਨ ਵਿਚ ਹਿਮਾਚਲ ਪ੍ਰਦੇਸ਼ ਦੇ ਸਨਅਤੀ ਖੇਤਰ ਬੱਦੀ ਵਿਚ ਵੱਡੇ ਪੱਧਰ ’ਤੇ ਪੀਐੱਨਜੀ ਬਰਨਰ ਯੁਕਤ ਚੁੱਲ੍ਹੇ ਦਾ ਨਿਰਮਾਣ ਚੱਲ ਰਿਹਾ ਹੈ। ਦੇਸ਼ ਭਰ ਵਿਚ ਪੀਐੱਨਜੀ ਦੀ ਲਾਈਨ ਵਿਛਾਉਣ ਲਈ ਕੇਂਦਰ ਸਰਕਾਰ ਵੱਡੇ ਪੱਧਰ ’ਤੇ ਕੰਮ ਕਰ ਰਹੀ ਹੈ।