ਜੋਧਪੁਰ-ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਕਿਹਾ ਕਿ ਸਰਹੱਦ ਪਾਰੋਂ ਆਉਂਦੇ ਡਰੋਨਾਂ ਦੀ ‘ਅਲਾਮਤ’ ਆਉਂਦੇ ਦਿਨਾਂ ਵਿਚ ਗੰਭੀਰ ਹੋ ਸਕਦੀ ਹੈ, ਲਿਹਾਜ਼ਾ ਭਾਰਤ ਆਪਣੀਆਂ ਸਰਹੱਦਾਂ ਦੀ ਸੁਰੱਖਿਆ ਲਈ ਜਲਦੀ ਹੀ ਵਿਆਪਕ ਐਂਟੀ-ਡਰੋਨ ਯੂਨਿਟ ਬਣਾਏਗਾ। ਭਾਰਤ-ਪਾਕਿਸਤਾਨ ਸਰਹੱਦ ਤੋਂ ਕਰੀਬ 300 ਕਿਲੋਮੀਟਰ ਦੂਰ ਇਥੇ ਬੀਐੱਸਐੱਫ ਦੇ ਸਿਖਲਾਈ ਕੈਂਪ ਵਿਚ 60ਵੇਂ ਸਥਾਪਨਾ ਦਿਵਸ ਮੌਕੇ ਸੀਮਾ ਸੁਰੱਖਿਆ ਬਲਾਂ ਦੇ ਜਵਾਨਾਂ ਨੂੰ ਸੰਬੋਧਨ ਕਰਦਿਆਂ ਸ਼ਾਹ ਨੇ ਕਿਹਾ ਕਿ ‘ਲੇਜ਼ਰ ਨਾਲ ਲੈਸ ਐਂਟੀ-ਡਰੋਨ ਗੰਨ ਮਾਊਂਟਿਡ’ ਚੌਖਟੇ ਦੇ ਸ਼ੁਰੂਆਤੀ ਨਤੀਜੇ ਬਹੁਤ ਉਤਸ਼ਾਹਜਨਕ ਹਨ। ਉਨ੍ਹਾਂ ਕਿਹਾ ਕਿ ਇਸ ਨਾਲ ਪੰਜਾਬ ਵਿਚ ਭਾਰਤ-ਪਾਕਿਸਤਾਨ ਸਰਹੱਦ ਦੇ ਨਾਲ ਡਰੋਨਾਂ ਨੂੰ ਫੁੰਡਣ ਦੇ ਕੇਸਾਂ ਵਿਚ 3 ਤੋਂ 55 ਫੀਸਦ ਦਾ ਇਜ਼ਾਫ਼ਾ ਹੋਇਆ ਹੈ।
ਸ੍ਰੀ ਸ਼ਾਹ ਨੇ ਕਿਹਾ, ‘‘ਆਉਂਦੇ ਦਿਨਾਂ ਵਿਚ ਡਰੋਨ ਦੀ ਅਲਾਮਤ ਹੋਰ ਗੰਭੀਰ ਹੋ ਸਕਦੀ ਹੈ…ਅਸੀਂ ਰੱਖਿਆ ਤੇ ਖੋਜ ਸੰਸਥਾਵਾਂ ਤੇ ਡੀਆਰਡੀਓ ਦੀ ਮਦਦ ਨਾਲ ਇਸ ਮਸਲੇ ਨਾਲ ਨਜਿੱਠਣ ਵਾਲੀ ਪਹੁੰਚ ਅਪਣਾਈ ਹੈ। ਅਸੀਂ ਆਉਣ ਵਾਲੇ ਸਮੇਂ ਵਿਚ ਦੇਸ਼ ਲਈ ਵਿਆਪਕ ਐਂਟੀ-ਡਰੋਨ ਇਕਾਈ ਬਣਾਵਾਂਗੇ।’’ ਅਧਿਕਾਰਤ ਅੰਕੜਿਆਂ ਮੁਤਾਬਕ ਭਾਰਤ ਦੀ ਪਾਕਿਸਤਾਨ ਨਾਲ ਲੱਗਦੀ ਸਰਹੱਦ ਉੱਤੇ ਇਸ ਸਾਲ ਵਿਚ ਹੁਣ ਤੱਕ 260 ਤੋਂ ਵੱਧ ਡਰੋਨ ਫੁੰਡੇ ਜਾਂ ਬਰਾਮਦ ਕੀਤੇ ਗਏ ਹਨ। ਪਿਛਲੇ ਸਾਲ ਇਹ ਅੰਕੜਾ 110 ਦੇ ਕਰੀਬ ਸੀ। ਸ਼ਾਹ ਨੇ ਇਸ ਮੌਕੇ ਰਸਮੀ ਪਰੇਡ ਤੋਂ ਸਲਾਮੀ ਲਈ ਤੇ ਬਹਾਦਰੀ ਪੁਰਸਕਾਰ ਜਿੱਤਣ ਵਾਲਿਆਂ ਨੂੰ ਤਗ਼ਮੇ ਵੀ ਦਿੱਤੇ। ਇਸ ਦੌਰਾਨ ਬੀਐੱਸਐੱਫ ਦੇ ਡਾਇਰੈਕਟਰ ਜਨਰਲ ਦਲਜੀਤ ਸਿੰਘ ਚੌਧਰੀ ਨੇ ਕਿਹਾ ਕਿ ਵੱਖ ਵੱਖ ਬਟਾਲੀਅਨਾਂ ਵਿਚ 13,226 ਨਵੇਂ ਸਿਖਲਾਈਯਾਫ਼ਤਾ ਰੰਗਰੂਟ ਤਾਇਨਾਤ ਕੀਤੇ ਗਏ ਹਨ, ਜਿਸ ਨਾਲ ਬੀਐੱਸਐੱਫ ਦੀ ‘ਆਪਰੇਸ਼ਨਲ ਸਮਰੱਥਾ’ ਵਧੇਗੀ।