ਭਲਕੇ ਵੀ ਦਿੱਲੀ ਕੂਚ ਨਹੀਂ ਕਰੇਗਾ ਕਿਸਾਨਾਂ ਦਾ ਜਥਾ: ਪੰਧੇਰ

ਪਟਿਆਲਾ- ਹਰਿਆਣਾ ਦੇ ਅਧਿਕਾਰੀਆਂ ਤੇ ਕਿਸਾਨਾਂ ਦਰਮਿਆਨ ਇੱਕ ਦਿਨ ਪਹਿਲਾਂ ਹੋਈ ਮੀਟਿੰਗ ਤੋਂ ਬਾਅਦ ਜਿੱਥੇ ਕਿਸਾਨਾਂ ਨੇ ਅੱਜ ਕੋਈ ਜਥਾ ਦਿੱਲੀ ਵੱਲ ਨਹੀਂ ਭੇਜਿਆ, ਉੱਥੇ ਹੀ 10 ਦਸੰਬਰ ਨੂੰ ਵੀ ਕਿਸਾਨ ਦਿੱਲੀ ਕੂਚ ਨਹੀਂ ਕਰਨਗੇ।  ਇਹ ਜਾਣਕਾਰੀ ਅੱਜ ਸ਼ੰਭੂ ਬਾਰਡਰ ‘ਤੇ ਮੋਰਚੇ ਦੀ ਅਗਵਾਈ ਕਰ ਰਹੇ ਕਿਸਾਨ ਨੇਤਾ ਸਰਵਣ ਸਿੰਘ ਪੰਧੇਰ ਨੇ ਦਿੱਤੀ।
ਉਨ੍ਹਾਂ ਦਾ ਕਹਿਣਾ ਹੈ ਕਿ ਹਰਿਆਣਾ ਦੇ ਅਧਿਕਾਰੀਆਂ ਨੇ ਇੱਕ ਦਿਨ ਦੀ ਮੋਹਲਤ ਮੰਗੀ ਸੀ, ਜਿਸ ਕਾਰਨ ਅੱਜ ਜਥਾ ਨਹੀਂ ਰਵਾਨਾ ਕੀਤਾ ਗਿਆ। ਉਨ੍ਹਾਂ ਦਾ ਕਹਿਣਾ ਸੀ ਕਿ ਇਸ ਤੋਂ ਬਾਅਦ ਦੁਬਾਰਾ ਸਾਰੇ ਕਿਸਾਨ ਆਗੂਆਂ ਨਾਲ ਮੀਟਿੰਗ ਕਰ ਕੇ ਅਗਲੀ ਰਣਨੀਤੀ ਤੈਅ ਕਰਨਗੇ, ਜਿਸ ਕਰ ਕੇ 10 ਦਸੰਬਰ ਨੂੰ ਵੀ ਕਿਸਾਨ ਆਪਣਾ ਜਥਾ ਦਿੱਲੀ ਨਹੀਂ ਭੇਜਣਗੇ।
ਇਸੇ ਦੌਰਾਨ ਕੇਂਦਰ ਸਰਕਾਰ ‘ਤੇ ਤਨਜ਼ ਕਸਦਿਆਂ ਸਰਵਣ ਸਿੰਘ ਪੰਧੇਰ ਨੇ ਆਖਿਆ ਕਿ ਇਹ ਸਰਕਾਰ ਆਪ ਹੀ ‘ਉਲ਼ਝੀ’ ਹੋਈ ਫਿਰਦੀ ਹੈ, ਕਿਉਂਕਿ ਇਸ ਦਾ ਕੋਈ ਮੰਤਰੀ ਆਖਦਾ ਹੈ ਕਿ ਕਿਸਾਨ ਜਾ ਸਕਦੇ ਨੇ ਤੇ ਦੂਜਾ ਮੰਤਰੀ ਆਖਦਾ ਹੈ ਕਿ ਕਿਸਾਨਾਂ ਨੂੰ ਨਹੀਂ ਜਾਣ ਦਿੱਤਾ ਜਾਵੇਗਾ। ਇਸ ਕਰਕੇ ਪਹਿਲਾਂ ਮੰਤਰੀਆਂ ਨੂੰ ਆਪਸ ਵਿੱਚ ਸਹਿਮਤੀ ਬਣਾ ਲੈਣੀ ਚਾਹੀਦੀ ਹੈ ਕਿ ਆਖ਼ਰ ਕਹਿਣਾ ਕੀ ਹੈ। ਉਨ੍ਹਾਂ ਇਹ ਵੀ ਆਖਿਆ ਕਿ ਅੱਜ ਹਰਿਆਣਾ ਵਿੱਚ ਪ੍ਰਧਾਨ ਮੰਤਰੀ ਆ ਰਹੇ ਹਨ ਤੇ ਉਹ ਕਿਸਾਨਾਂ ਦੇ ਮਸਲੇ ‘ਤੇ ਜ਼ਰੂਰ ਟਿੱਪਣੀ ਕਰਨ।
ਗ਼ੌਰਤਲਬ ਹੈ ਕਿ ਇਸ ਪਹਿਲਾਂ ਕਿਸਾਨ ਆਗੂਆਂ ਨੇ 6 ਦਸੰਬਰ ਤੋਂ 101 ਕਿਸਾਨਾਂ ਦੇ ਜਥੇ ਪੜਾਅਵਾਰ ਦਿੱਲੀ ਭੇਜਣ ਦਾ ਐਲਾਨ ਕੀਤਾ ਸੀ ਪਰ 6 ਦਸੰਬਰ ਨੂੰ ਹਰਿਆਣਾ ਪੁਲੀਸ ਨੇ ਕਿਸਾਨਾਂ ਦੇ ਜਥੇ ਨੂੰ ਸ਼ੰਭੂ ਬਾਰਡਰ ਨਾ ਟੱਪਣ ਦਿੱਤਾ ਅਤੇ ਸਖ਼ਤ ਨਾਲ ਰੋਕ ਦਿੱਤਾ। ਇਸ ਮੌਕੇ ਜਥੇ ਉਤੇ ਅੱਥਰੂ ਗੈਸ ਦੇ ਗੋਲੇ ਦਾਗ਼ੇ ਗਏ ਅਤੇ ਕਥਿਤ ਤੌਰ ’ਤੇ ਹੋਰ ਕਈ ਤਰ੍ਹਾਂ ਤਾਕਤ ਦੀ ਵਰਤੋਂ ਕੀਤੀ ਗਈ।
ਇਸ ਤੋਂ ਬਾਅਦ 8 ਦਸੰਬਰ ਨੂੰ ਫਿਰ  101 ਕਿਸਾਨਾਂ ਦੇ ਜਥੇ ਨੇ ਦਿੱਲੀ ਕੂਚ ਦੀ ਕੋਸ਼ਿਸ਼ ਕੀਤੀ ਪਰ ਇਸ ਕੋਸ਼ਿਸ਼ ਨੂੰ ਵੀ ਹਰਿਆਣਾ ਪੁਲੀਸ ਨੇ ਸਖ਼ਤੀ ਨਾਲ ਨਾਕਾਮ ਕਰ ਦਿੱਤਾ।  ਇਸ ਤੋਂ ਬਾਅਦ ਕਿਸਾਨਾਂ ਨੇ ਅੱਜ ਖ਼ਾਸਕਰ ਪ੍ਰਧਾਨ ਮੰਤਰੀ ਮੋਦੀ ਦੇ ਹਰਿਆਣਾ ਦੌਰੇ ਦੇ ਮੱਦੇਨਜ਼ਰ ਕੋਈ ਜਥਾ ਨਾ ਭੇਜਣ ਦਾ ਪਹਿਲਾਂ ਹੀ ਐਲਾਨ ਕਰ ਦਿੱਤਾ ਸੀ।