ਸੰਜੇ ਮਲਹੋਤਰਾ ਹੋਣਗੇ ਆਰਬੀਆਈ ਦੇ ਨਵੇਂ ਗਵਰਨਰ

ਨਵੀਂ ਦਿੱਲੀ- ਕੇਂਦਰ ਸਰਕਾਰ ਨੇ ਮਾਲੀਆ ਸਕੱਤਰ ਸੰਜੇ ਮਲਹੋਤਰਾ ਨੂੰ ਰਿਜ਼ਰਵ ਬੈਂਕ ਆਫ ਇੰਡੀਆ (ਆਰਬੀਆਈ) ਦਾ ਨਵਾਂ ਗਵਰਨਰ ਨਿਯੁਕਤ ਕੀਤਾ ਹੈ। ਉਹ ਮੌਜੂਦਾ ਗਵਰਨਰ ਸ਼ਕਤੀਕਾਂਤ ਦਾਸ ਦੇ ਸੇਵਾਮੁਕਤ ਹੋਣ ਤੋਂ ਬਾਅਦ 11 ਦਸੰਬਰ ਨੂੰ ਅਹੁਦਾ ਸੰਭਾਲਣਗੇ। ਇਸ ਤੋਂ ਪਹਿਲਾਂ ਸ਼ਕਤੀਕਾਂਤ ਛੇ ਸਾਲ ਆਰਬੀਆਈ ਦੇ ਗਵਰਨਰ ਰਹੇ ਹਨ ਜੋ ਕਿਸੇ ਆਰਬੀਆਈ ਦੇ ਗਵਰਨਰ ਦਾ ਸਭ ਤੋਂ ਵੱਡਾ ਕਾਰਜਕਾਲ ਹੈ। ਉਨ੍ਹਾਂ ਨੂੰ 12 ਦਸੰਬਰ 2018 ਵਿਚ ਆਰਬੀਆਈ ਦਾ ਗਵਰਨਰ ਨਿਯੁਕਤ ਕੀਤਾ ਗਿਆ ਸੀ ਤੇ ਉਨ੍ਹਾਂ ਦੇ ਅਹੁਦੇ ਦੀ ਮਿਆਦ ਤਿੰਨ ਸਾਲ ਲਈ ਸੀ। ਇਸ ਤੋਂ ਬਾਅਦ ਉਨ੍ਹਾਂ ਦੇ ਅਹੁਦੇ ਦੀ ਮਿਆਦ ਮੁੜ ਤਿੰਨ ਸਾਲ ਵਧਾਈ ਗਈ।

ਦੂਜੇ ਪਾਸੇ ਸੰਜੇ ਮਲਹੋਤਰਾ ਰਾਜਸਥਾਨ ਕੇਡਰ ਦੇ 1990 ਬੈਚ ਦੇ ਆਈਏਐਸ ਅਧਿਕਾਰੀ ਹਨ। ਉਨ੍ਹਾਂ ਇੰਡੀਅਨ ਇੰਸਟੀਚਿਊਟ ਆਫ ਟੈਕਨਾਲੋਜੀ ਕਾਨਪੁਰ ਤੋਂ ਕੰਪਿਊਟਰ ਸਾਇੰਸ ਵਿੱਚ ਇੰਜੀਨੀਅਰਿੰਗ ਵਿਚ ਗਰੈਜੂਏਸ਼ਨ ਕੀਤੀ ਅਤੇ ਪ੍ਰਿੰਸਟਨ ਯੂਨੀਵਰਸਿਟੀ ਅਮਰੀਕਾ ਤੋਂ ਪਬਲਿਕ ਪਾਲਿਸੀ ਵਿੱਚ ਮਾਸਟਰ ਡਿਗਰੀ ਕੀਤੀ। ਉਨ੍ਹਾਂ 33 ਸਾਲਾਂ ਤੋਂ ਕਰੀਅਰ ਵਿਚ ਬਿਜਲੀ, ਵਿੱਤ ਅਤੇ ਟੈਕਸ, ਸੂਚਨਾ ਤਕਨਾਲੋਜੀ, ਖਾਣਾਂ ਆਦਿ ਸਮੇਤ ਕਈ ਖੇਤਰਾਂ ਵਿੱਚ ਕੰਮ ਕੀਤਾ ਹੈ।