ਰਾਜ ਸਭਾ ਵਿੱਚ ਹੰਗਾਮਾ; ਕਾਰਵਾਈ ਮੁਲਤਵੀ

ਨਵੀਂ ਦਿੱਲੀ- ਰਾਜ ਸਭਾ ਵਿਚ ਕਾਂਗਰਸ ਆਗੂਆਂ ਦੇ ਅਰਬਪਤੀ ਤੇ ਨਿਵੇਸ਼ਕ ਜਾਰਜ ਸੋਰੋਸ ਨਾਲ ਸਬੰਧਾਂ ਨੂੰ ਲੈ ਕੇ ਅੱਜ ਖਾਸਾ ਹੰਗਾਮਾ ਹੋਇਆ ਜਿਸ ਕਾਰਨ ਸਦਨ ਦੀ ਕਾਰਵਾਈ ਵਿਚ ਕਈ ਵਾਰ ਵਿਘਨ ਪਿਆ। ਇਸ ਮੌਕੇ ਸੱਤਾਪੱਖੀ ਸੰਸਦ ਮੈਂਬਰਾਂ ਨੇ ਕਾਂਗਰਸ ਦੇ ਸਿਖਰਲੇ ਆਗੂਆਂ ’ਤੇ ਅਰਬਪਤੀਆਂ ਨਾਲ ਮਿਲੀਭੁਗਤ ਦੇ ਦੋਸ਼ ਲਾਏ। ਇਸ ਕਾਰਨ ਉੱਪਰਲੇ ਸਦਨ ਵਿਚ ਕੋਈ ਵੀ ਕੰਮਕਾਜ ਨਾ ਹੋਇਆ। ਦੋਵਾਂ ਧਿਰਾਂ ਦੇ ਰੌਲੇ-ਰੱਪੇ ਤੋਂ ਬਾਅਦ ਰਾਜ ਸਭਾ ਦੀ ਕਾਰਵਾਈ ਨੂੰ ਦਿਨ ਭਰ ਲਈ ਮੁਲਤਵੀ ਕਰ ਦਿੱਤਾ ਗਿਆ।

ਦੂਜੇ ਪਾਸੇ ਕਾਂਗਰਸ ਨੇ ਦੋਸ਼ ਲਾਏ ਕਿ ਸੱਤਾਪੱਖੀ ਸੰਸਦ ਮੈਂਬਰ ਇਸ ਵੇਲੇ ਅਡਾਨੀ ਤੇ ਹੋਰ ਮੁੱਦਿਆਂ ਤੋਂ ਧਿਆਨ ਹਟਾਉਣ ਲਈ ਅਜਿਹਾ ਕਰ ਰਹੇ ਹਨ। ਚੇਅਰਮੈਨ ਜਗਦੀਪ ਧਨਖੜ ਨੇ ਦੋਵਾਂ ਧਿਰਾਂ ਦੇ ਆਗੂਆਂ ਨਾਲ ਮੀਟਿੰਗ ਕੀਤੀ। ਇਸ ਤੋਂ ਬਾਅਦ ਧਨਖੜ ਨੇ ਕਿਹਾ, ‘ਰਾਸ਼ਟਰ ਦੀ ਅਖੰਡਤਾ ਅਤੇ ਪ੍ਰਭੂਸੱਤਾ ਸਾਡੇ ਲਈ ਪਵਿੱਤਰ ਹੈ। ਅਸੀਂ ਦੇਸ਼ ਦੇ ਅੰਦਰ ਜਾਂ ਬਾਹਰ ਕਿਸੇ ਵੀ ਤਾਕਤ ਨੂੰ ਸਾਡੀ ਏਕਤਾ, ਸਾਡੀ ਅਖੰਡਤਾ ਅਤੇ ਸਾਡੀ ਪ੍ਰਭੂਸੱਤਾ ਦਾ ਘਾਣ ਕਰਨ ਦੀ ਇਜਾਜ਼ਤ ਨਹੀਂ ਦੇ ਸਕਦੇੇੇ।’