ਯੂਥ ਕਾਂਗਰਸ ਨੇ ਕੀਤਾ ਸੂਬਾ ਸਰਕਾਰ ਖ਼ਿਲਾਫ਼ ਪ੍ਰਦਰਸ਼ਨ, ਪੁਲਿਸ ਨੇ ਹਿਰਾਸਤ ’ਚ ਲਏ ਕਈ ਕਾਂਗਰਸੀ ਆਗੂ

ਚੰਡੀਗੜ੍ਹ – ਯੂਥ ਕਾਂਗਰਸ ਨੇ ਮੰਗਲਵਾਰ ਨੂੰ ਰਾਜ ਸਰਕਾਰ ਖ਼ਿਲਾਫ਼ ‘ਨਸ਼ਾ ਨਹੀਂ, ਨੌਕਰੀ ਦਿਓ’ ਦੇ ਨਾਅਰੇ ਨਾਲ ਪ੍ਰਦਰਸ਼ਨ ਕੀਤਾ। ਭਾਰਤੀ ਯੂਥ ਕਾਂਗਰਸ ਦੇ ਪ੍ਰਧਾਨ ਉਦੈ ਭਾਨੂੰ ਚਿਬ ਅਤੇ ਸੂਬਾ ਪ੍ਰਧਾਨ ਮੋਹਿਤ ਮਹਿੰਦਰਾ ਦੀ ਅਗਵਾਈ ’ਚ ਯੂਥ ਵਰਕਰਾਂ ਨੇ ਪਹਿਲਾਂ ਕਾਂਗਰਸ ਭਵਨ ਦੇ ਬਾਹਰ ਪ੍ਰਦਰਸ਼ਨ ਕੀਤਾ। ਉਪਰੰਤ ਜਦੋਂ ਉਹ ਮੁੱਖ ਮੰਤਰੀ ਦੀ ਰਿਹਾਇਸ਼ ਵੱਲ ਵਜੇ ਤਾਂ ਪੁਲਿਸ ਨੇ ਉਨ੍ਹਾਂ ਨੂੰ ਰੋਕ ਲਿਆ। ਹਲਕਾ ਬਲ ਪ੍ਰਯੋਗ ਕਰਨ ਤੋਂ ਬਾਅਦ ਪੁਲਿਸ ਨੇ ਕਾਂਗਰਸ ਆਗੂਆਂ ਨੂੰ ਹਿਰਾਸਤ ’ਚ ਲੈ ਲਿਆ ਅਤੇ ਸੈਕਟਰ 39 ਥਾਣੇ ’ਚ ਲੈ ਗਏ। ਬਾਅਦ ’ਚ ਉਨ੍ਹਾਂ ਨੂੰ ਰਿਹਾਅ ਕਰ ਦਿੱਤਾ ਗਿਆ।

ਇਸ ਮੌਕੇ ਉਦੈ ਭਾਨੂੰ ਚਿਬ ਨੇ ਪ੍ਰਦਰਸ਼ਨਕਾਰੀ ਵਰਕਰਾਂ ਨੂੰ ਸੰਬੋਧਨ ਕਰਦਿਆਂ ਆਮ ਆਦਮੀ ਪਾਰਟੀ ਅਤੇ ਭਾਜਪਾ ’ਤੇ ਕਿਸਾਨਾਂ ਨੂੰ ਪਰੇਸ਼ਾਨ ਕਰਨ ਦਾ ਦੋਸ਼ ਲਾਇਆ ਅਤੇ ਹਰਿਆਣਾ ਪੁਲਿਸ ਵੱਲੋਂ ਪ੍ਰਦਰਸ਼ਨਕਾਰੀ ਕਿਸਾਨਾਂ ’ਤੇ ਕੀਤੀ ਗਈ ਹਿੰਸਾ ਦੀ ਨਿੰਦਾ ਕੀਤੀ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸਾਰੇ ਮੋਰਚਿਆਂ ’ਤੇ ਫੇਲ੍ਹ ਹੋ ਰਹੀ ਹੈ ਅਤੇ ਇਸ ਦਾ ਸਭ ਤੋਂ ਵੱਡਾ ਖਮਿਆਜ਼ਾ ਨੌਜਵਾਨ ਵਰਗ ਨੂੰ ਭੁਗਤਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਪ੍ਰਤੀ ਯੂਥ ਕਾਂਗਰਸ ਦੀ ਜ਼ਿੰਮੇਵਾਰੀ ਹੈ ਅਤੇ ਉਹ ਆਪ ਸਰਕਾਰ ਦੀਆਂ ਕਰਤੂਤਾਂ ਨੂੰ ਉਜਾਗਰ ਕਰਦੀ ਰਹੇਗੀ।

ਸੂਬਾ ਪ੍ਰਧਾਨ ਮੋਹਿਤ ਮਹਿੰਦਰਾ ਨੇ ਨਸ਼ੇ ’ਤੇ ਕੰਟਰੋਲ ਕਰਨ ਅਤੇ ਨੌਜਵਾਨਾਂ ਨੂੰ 25 ਲੱਖ ਨੌਕਰੀਆਂ ਦੇਣ ਦੇ ਵਾਅਦੇ ’ਚ ਅਸਫਲ ਰਹਿਣ ਲਈ ਪੰਜਾਬ ਸਰਕਾਰ ਦੀ ਆਲੋਚਨਾ ਕੀਤੀ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਸਰਕਾਰ ਦੇ ਤਿੰਨ ਸਾਲ ਪੂਰੇ ਹੋਣ ਵਾਲੇ ਹਨ ਅਤੇ ਉਹ ਸੂਬੇ ਦੇ ਲੋਕਾਂ ਲਈ ਕੀਤੇ ਗਏ ਸਾਰੇ ਵਾਅਦਿਆਂ ਨੂੰ ਪੂਰਾ ਕਰਨ ’ਚ ਅਸਫਲ ਰਹੀ ਹੈ। ਮਹਿੰਦਰਾ ਨੇ ਕਿਹਾ ਕਿ ਨਸ਼ੇ ਦੀ ਬਹੁਤਾਤ ਕਾਰਨ ਨੌਜਵਾਨ ਮਰ ਰਹੇ ਹਨ ਅਤੇ ਪੁਲਿਸ ਪ੍ਰਸ਼ਾਸਨ ਨਸ਼ੇ ’ਤੇ ਕੰਟਰੋਲ ਕਰਨ ’ਚ ਅਸਮਰੱਥ ਹੈ। ਉਨ੍ਹਾਂ ਕਿਹਾ ਕਿ ਨੌਜਵਾਨ ਰੁਜ਼ਗਾਰ ਚਾਹੁੰਦੇ ਹਨ ਪਰ ਆਪ ਸਰਕਾਰ ਉਨ੍ਹਾਂ ਨੂੰ ਨਸ਼ਾ ਮੁਹੱਈਆ ਕਰਵਾ ਰਹੀ ਹੈ। ਉਨ੍ਹਾਂ ਕਿਹਾ ਕਿ ਪਿੰਡਾਂ ਅਤੇ ਕਸਬਿਆਂ ’ਚ ਨਸ਼ੇ ਦੀ ਵਿਕਰੀ ਧੜੱਲੇ ਨਾਲ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਡਰੱਗ ਤਸਕਰਾਂ ਨੂੰ ਸਿਆਸੀ ਸ਼ਰਨ ਤੋਂ ਬਿਨਾਂ ਨਸ਼ਾ ਨਹੀਂ ਵੇਚਿਆ ਜਾ ਸਕਦਾ।