ਦੁਕਾਨ ਤੋਂ 25 ਲੱਖ ਦੇ ਗਹਿਣੇ ਤੇ ਨਕਦੀ ਲੁੱਟੀ

ਅੰਮ੍ਰਿਤਸਰ

ਪੰਜ ਹਥਿਆਰਬੰਦ ਲੁਟੇਰਿਆਂ ਨੇ ਅੱਜ ਇੱਥੇ ਫਤਿਹਗੜ੍ਹ ਚੂੜੀਆਂ ਰੋਡ ਨੇੜੇ ਇਕ ਸੁਨਿਆਰੇ ਦੀ ਦੁਕਾਨ ਤੋਂ ਲਗਪਗ 25 ਲੱਖ ਰੁਪਏ ਮੁੱਲ ਦੇ ਸੋਨੇ ਦੇ ਗਹਿਣੇ ਅਤੇ ਲਗਪਗ ਸਵਾ ਲੱਖ ਰੁਪਏ ਦੀ ਨਕਦੀ ਲੁੱਟ ਲਈ ਹੈ।

ਇਹ ਘਟਨਾ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ ਹੈ ਅਤੇ ਪੁਲੀਸ ਵੱਲੋਂ ਲੁਟੇਰਿਆਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਗਈ ਹੈ। ਲੁਟੇਰਿਆਂ ਨੇ ਆਪਣੇ ਮੂੰਹ ਢਕੇ ਹੋਏ ਸਨ ਅਤੇ ਉਹ ਮੋਟਰਸਾਈਕਲਾਂ ’ਤੇ ਸਵਾਰ ਹੋ ਕੇ ਇੱਥੇ ਪੁੱਜੇ ਸਨ। ਲੁੱਟ ਦਾ ਸ਼ਿਕਾਰ ਹੋਏ ਵਿਅਕਤੀ ਵਿਸ਼ਨੂ ਨੇ ਦੱਸਿਆ ਕਿ ਸ਼ਾਮ ਲਗਭਗ ਚਾਰ ਵਜੇ ਇਹ ਹਥਿਆਰਬੰਦ ਲੁਟੇਰੇ ਉਸ ਦੀ ਦੁਕਾਨ ਤੇ ਆਏ ਅਤੇ ਪਿਸਤੌਲ ਦੀ ਨੋਕ ’ਤੇ ਉਸ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ। ਉਹ ਦੁਕਾਨ ਵਿੱਚ ਰੱਖੇ ਸੋਨੇ ਦੇ ਗਹਿਣੇ ਅਤੇ ਨਕਦੀ ਲੈ ਕੇ ਫ਼ਰਾਰ ਹੋ ਗਏ।

ਵਿਸ਼ਨੂੰ ਦੇ ਪਿਤਾ ਲਾਲ ਚੰਦ ਨੇ ਦੱਸਿਆ ਕਿ ਉਹ ਘਟਨਾ ਵੇਲੇ ਦੁਕਾਨ ਤੇ ਨਹੀਂ ਸੀ। ਸੀਸੀਟੀਵੀ ਕੈਮਰਿਆਂ ਦੀ ਫੁਟੇਜ ਤੋਂ ਪਤਾ ਲੱਗਾ ਹੈ ਕਿ ਸਿਰਫ ਤਿੰਨ ਮਿੰਟਾਂ ਵਿੱਚ ਹੀ ਲੁਟੇਰਿਆਂ ਨੇ ਜ਼ੇਵਰਾਤ ਅਤੇ ਨਕਦੀ ਲੁੱਟ ਲਈ। ਉਹ ਲਗਪਗ 500 ਗ੍ਰਾਮ ਸੋਨੇ ਦੇ ਜ਼ੇਵਰਾਤ ਲੈ ਗਏ ਹਨ, ਜਿਨਾਂ ਦਾ ਮੁੱਲ 25 ਤੋਂ 30 ਲੱਖ ਰੁਪਏ ਤੱਕ ਹੈ।

ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਪੁਲੀਸ ਅਧਿਕਾਰੀ ਤੇ ਹੋਰ ਮੌਕੇ ਤੇ ਪੁੱਜ ਗਏ ਸਨ। ਪੁਲੀਸ ਕਮਿਸ਼ਨਰ ਵਿਕਰਮਜੀਤ ਦੁੱਗਲ ਨੇ ਆਖਿਆ ਕਿ ਮੁੱਢਲੇ ਤੌਰ ਤੇ ਇਸ ਘਟਨਾ ਵਿਚ ਕੁਝ ਭੇਤੀ ਲੋਕਾਂ ਦਾ ਹੱਥ ਲੱਗਦਾ ਹੈ। ਪੁਲੀਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।