ਕਿਸਾਨਾਂ ਵੱਲੋਂ ਥਾਣਾ ਘਨੌਰ ਅੱਗੇ ਧਰਨਾ

ਘਨੌਰ

ਕਸਬਾ ਘਨੌਰ ਤੇ ਮਹਿਦੂਦਾਂ ਸਣੇ ਨੇੜਲੇ ਕਰੀਬ ਅੱਧਾ ਦਰਜਨ ਪਿੰਡਾਂ ਦੇ ਕਿਸਾਨਾਂ ਨੇ ਸਬਮਰਸੀਬਲ ਟਿਊਬਵੈੱਲ ਮੋਟਰਾਂ ਦੀਆਂ ਬਿਜਲੀ ਕੇਬਲਾਂ ਚੋਰੀ ਹੋਣ ਦੀਆਂ ਘਟਨਾਵਾਂ ਖ਼ਿਲਾਫ਼ ਕਾਰਵਾਈ ਦੀ ਮੰਗ ਨੂੰ ਲੈ ਕੇ ਥਾਣਾ ਘਨੌਰ ਅੱਗੇ ਰੋਸ ਧਰਨਾ ਦਿੱਤਾ।

ਇਸ ਮੌਕੇ ਕਿਸਾਨ ਆਗੂਆਂ ਗੁਲਜਾਰ ਸਿੰਘ ਸਲੇਮਪੁਰ ਜੱਟਾਂ, ਹਰਜੀਤ ਸਿੰਘ ਟਹਿਲਪੁਰਾ, ਪਵਨ ਕੁਮਾਰ ਸੋਗਲਪੁਰ, ਗੁਰਦੀਪ ਸਿੰਘ ਰੁੜਕੀ ਅਤੇ ਦਲਬੀਰ ਸਿੰਘ ਲਾਛੜੂ ਸਣੇ ਹੋਰਨਾਂ ਨੇ ਆਖਿਆ ਕਿ ਪਿਛਲੇ ਕੁਝ ਦਿਨਾਂ ਦੌਰਾਨ ਚੋਰਾਂ ਦੇ ਗਰੋਹ ਵੱਲੋਂ ਕਸਬਾ ਘਨੌਰ, ਮਹਿਦੂਦਾਂ, ਰੁੜਕਾ, ਘਨੌਰੀ ਖੇੜਾ, ਲਾਛੜੂ ਸਣੇ ਅੱਧਾ ਦਰਜਨ ਤੋਂ ਵੱਧ ਪਿੰਡਾਂ ਦੇ ਕਿਸਾਨਾਂ ਦੀ ਦਰਜਨਾਂ ਟਿਊਬਵੈੱਲ ਮੋਟਰਾਂ ਦੀਆਂ ਕੇਬਲਾਂ ਚੋਰੀ ਕੀਤੀਆਂ ਗਈਆਂ ਹਨ। ਇਸ ਕਾਰਨ ਕਿਸਾਨਾਂ ਨੂੰ ਲੱਖਾਂ ਰੁਪਏ ਕੀਮਤ ਦੀ ਨਵੀਂ ਕੇਬਲ ਖ਼ਰੀਦ ਕੇ ਆਪਣੀਆਂ ਮੋਟਰਾਂ ਚਲਾਉਣੀਆਂ ਪੈ ਰਹੀਆਂ ਹਨ। ਉਨ੍ਹਾਂ ਕਿਹਾ ਕਿ ਮੋਟੀ ਲਾਗਤ ਕਾਰਨ ਜਿਹੜੇ ਗ਼ਰੀਬ ਕਿਸਾਨ ਨਵੀਂ ਕੇਬਲ ਨਹੀਂ ਪਾ ਸਕੇ ਉਨ੍ਹਾਂ ਦੀਆਂ ਫ਼ਸਲਾਂ ਸੋਕੇ ਦੀ ਮਾਰ ਹੇਠ ਆ ਰਹੀਆਂ ਹਨ। ਕਿਸਾਨ ਆਗੂਆਂ ਦਾ ਕਹਿਣਾ ਸੀ ਕਿ ਸਬੰਧਿਤ ਕਿਸਾਨਾਂ ਵੱਲੋਂ ਇਸ ਸਬੰਧੀ ਥਾਣਾ ਘਨੌਰ ਵਿਚ ਸ਼ਿਕਾਇਤ ਦਰਜ ਕਰਵਾਉਣ ਦੇ ਬਾਵਜੂਦ ਕੇਬਲ ਚੋਰਾਂ ਖ਼ਿਲਾਫ਼ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ। ਇਸ ਕਾਰਨ ਕਿਸਾਨਾਂ ਵਿੱਚ ਤਿੱਖਾ ਰੋਸ ਹੈ। ਉਨ੍ਹਾਂ ਮੰਗ ਕੀਤੀ ਕਿ ਕੇਬਲ ਚੋਰਾਂ ਖ਼ਿਲਾਫ਼ ਤੁਰੰਤ ਕਾਰਵਾਈ ਕੀਤੀ ਜਾਵੇ।

ਇਸੇ ਦੌਰਾਨ ਮੌਕੇ ’ਤੇ ਪੁੱਜੇ ਥਾਣਾ ਘਨੌਰ ਦੇ ਮੁਖੀ ਇੰਸਪੈਕਟਰ ਕੁਲਵਿੰਦਰ ਸਿੰਘ ਵੱਲੋਂ ਧਰਨਾਕਾਰੀ ਕਿਸਾਨਾਂ ਨੂੰ ਚੋਰਾਂ ਖ਼ਿਲਾਫ਼ ਜਲਦੀ ਸਖ਼ਤ ਕਾਰਵਾਈ ਕੀਤੇ ਜਾਣ ਦਾ ਵਿਸ਼ਵਾਸ਼ ਦਿੱਤੇ ਜਾਣ ’ਤੇ ਉਨ੍ਹਾਂ ਨੇ ਧਰਨਾ ਚੁੱਕ ਦਿੱਤਾ।