ਮਾਨਸਾ
ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਰੁਲਦੂ ਸਿੰਘ ਮਾਨਸਾ ਨੂੰ ਪੰਜਾਬ ਪੁਲੀਸ ਵੱਲੋਂ ਸੁਰੱਖਿਆ ਫੋਰਸ ਮੁਹੱਈਆ ਕਰਵਾਈ ਗਈ ਹੈ। ਉਹ ਅੱਜ ਇਥੇ ਪੰਜਾਬ ਪੁਲੀਸ ਦੇ ਜਵਾਨਾਂ ਨਾਲ ਘੁੰਮਦੇ ਨਜ਼ਰ ਆਏ। ਜਾਪਦਾ ਹੈ ਕਿ ਪੁਲੀਸ ਵਲੋਂ ਅਜਿਹਾ ਉਨ੍ਹਾਂ ਨੂੰ ਪਿਛਲੇ ਦਿਨੀਂ ਮਿਲੀਆਂ ਧਮਕੀਆਂ ਕਾਰਨ ਕੀਤਾ ਗਿਆ ਹੈ।
ਦਿਲਚਸਪ ਗੱਲ ਇਹ ਹੈ ਕਿ ਪਿਛਲੇ ਦਿਨੀਂ ਰੁਲਦੂ ਸਿੰਘ ਵਲੋਂ ਦਿੱਲੀ ਦੀ ਕਿਸਾਨ ਕਾਨਫਰੰਸ ਦੌਰਾਨ ਦਿੱਤੀ ਗਈ ਤਕਰੀਰ ਤੋਂ ਬਾਅਦ ਕੁੱਝ ਗਰਮ ਵਿਚਾਰਧਾਰਾ ਵਾਲੇ ਵਿਅਕਤੀਆਂ ਨੇ ਸੋਸ਼ਲ ਉਪਰ ਉਨ੍ਹਾਂ ਨੂੰ ਸਬਕ ਸਿਖਾਉਣ ਵਰਗੀਆਂ ਗੱਲਾਂ ਕਹੀਆਂ ਗਈਆਂ ਸਨ ਅਤੇ ਬਾਅਦ ਵਿੱਚ ਉਨ੍ਹਾਂ ਨੂੰ ਸੰਯੁਕਤ ਕਿਸਾਨ ਮੋਰਚੇ ਨੇ ਇਸ ਤਕਰੀਰ ਕਾਰਨ ਦੋ ਹਫ਼ਤਿਆਂ ਲਈ ਮੁਅਤੱਲ ਵੀ ਕਰ ਦਿੱਤਾ ਗਿਆ ਸੀ। ਅੱਜ ਇਥੇ ਉਨ੍ਹਾਂ ਮੰਨਿਆ ਕਿ ਮਾਨਸਾ ਪੁਲੀਸ ਨੇ ਉਨ੍ਹਾਂ ਨੂੰ ਦੋ ਗੰਨਮੈਨ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਦਿੱਲੀ ਸਥਿਤ ਉਨ੍ਹਾਂ ਦੇ ਕੈਂਪ ਉਤੇ ਕੁੱਝ ਅਣਪਛਾਤੇ ਲੋਕਾਂ ਨੇ ਹਮਲਾ ਵੀ ਕਰ ਦਿੱਤਾ ਸੀ ਪਰ ਉਸ ਦਿਨ ਉਥੇ ਨਾ ਹੋਣ ਕਾਰਨ ਬੱਚ ਗਏ। ਕਿਸਾਨ ਆਗੂ ਨੇ ਕਿਹਾ ਕਿ ਸੁਰੱਖਿਆ ਫੋਰਸ ਲਈ ਉਨ੍ਹਾਂ ਨੂੰ ਸੁੰਯਕਤ ਕਿਸਾਨ ਮੋਰਚੇ ਵਲੋਂ ਵੀ ਕਿਹਾ ਗਿਆ ਹੈ ਅਤੇ ਇਸ ਤੋਂ ਪਹਿਲਾਂ ਮੋਰਚੇ ਦੇ ਆਗੂ ਰਾਕੇਸ਼ ਸਿੰਘ ਟਿਕੈਤ ਨੇ ਵੀ ਸੁਰੱਖਿਆ ਲਈ ਹੋਈ ਹੈ।