ਸੁਪਰੀਮ ਕੋਰਟ ਦੇ 9 ਜੱਜਾਂ ਨੇ ਹਲਫ਼ ਲਿਆ

ਨਵੀਂ ਦਿੱਲੀ

ਸੁਪਰੀਮ ਕੋਰਟ ਵਿੱਚ ਅੱਜ ਉਸ ਵੇਲੇ ਇਤਿਹਾਸ ਸਿਰਜਿਆ ਗਿਆ ਜਦੋਂ ਨੌਂ ਨਵੇਂ ਜੱਜਾਂ ਨੇ ਇਕੋ ਵੇਲੇ ਅਹੁਦੇ ਦਾ ਹਲਫ਼ ਲਿਆ। ਇਨ੍ਹਾਂ ਨਵੀਆਂ ਨਿਯੁਕਤੀਆਂ ਨਾਲ ਸਿਖਰਲੀ ਅਦਾਲਤ ਵਿੱਚ ਜੱਜਾਂ ਦੀ ਕੁੱਲ ਕੰਮਕਾਜੀ ਸਮਰੱਥਾ 33 ਹੋ ਗਈ ਹੈ। ਸੁਪਰੀਮ ਕੋਰਟ ਦੇ ਨਵੇਂ ਜੱਜਾਂ ਵਜੋਂ ਸਹੁੰ ਚੁੱਕਣ ਵਾਲਿਆਂ ਵਿੱਚ ਜਸਟਿਸ ਅਭੈ ਸ੍ਰੀਨਿਵਾਸ ਓਕਾ, ਵਿਕਰਮ ਨਾਥ, ਜਿਤੇਂਦਰ ਸਿੰਘ ਮਹੇਸ਼ਵਰੀ, ਹਿਮਾ ਕੋਹਲੀ ਤੇ ਬੀ.ਵੀ.ਨਾਗਰਤਨਾ ਵੀ ਸ਼ਾਮਲ ਹਨ। ਭਾਰਤ ਦੇ ਚੀਫ਼ ਜਸਟਿਸ ਐੱਨ.ਵੀ.ਰਾਮੰਨਾ ਨੇ ਜਿਨ੍ਹਾਂ ਹੋਰਨਾਂ ਜੱਜਾਂ ਨੂੰ ਅੱਜ ਅਹੁਦੇ ਦਾ ਹਲਫ਼ ਦਿਵਾਇਆ ਉਨ੍ਹਾਂ ਵਿੱਚ ਜਸਟਿਸ ਸੀ.ਟੀ.ਰਵੀਕੁਮਾਰ, ਐੱਮ.ਐੱਮ.ਸੁੰਦਰੇਸ਼, ਬੇਲਾ ਐੱਮ.ਤ੍ਰਿਵੇਦੀ ਤੇ ਪੀ.ਐੱਸ.ਨਰਸਿਮ੍ਹਾ ਵੀ ਸ਼ਾਮਲ ਹਨ। ਇਨ੍ਹਾਂ ਵਿੱਚੋਂ ਜਸਟਿਸ ਨਰਸਿਮ੍ਹਾ ਸੀਨੀਅਰ ਐਡਵੋਕੇਟ ਤੇ ਸਾਬਕਾ ਵਧੀਕ ਸੌਲੀਸਿਟਰ ਜਨਰਲ ਸਨ। ਨਵੀਆਂ ਨਿਯੁਕਤੀਆਂ ਨਾਲ ਭਾਰਤ ਦੇ ਚੀਫ਼ ਜਸਟਿਸ ਸਮੇਤ ਸੁਪਰੀਮ ਕੋਰਟ ਦੇ ਜੱਜਾਂ ਦੀ ਸਮਰੱਥਾ ਵਧ ਕੇ 33 ਹੋ ਗਈ ਹੈ, ਜੋ ਕਿ ਕੁੱਲ ਸਮਰੱਥਾ ਨਾਲੋਂ ਅਜੇ ਵੀ ਇਕ ਘੱਟ ਹੈ।

ਨਵਨਿਯੁਕਤ ਨੌਂ ਜੱਜਾਂ ਵਿੱਚੋਂ ਜਸਟਿਸ ਸ੍ਰੀਨਿਵਾਸ ਓਕਾ ਸਭ ਤੋਂ ਸੀਨੀਅਰ ਹਨ। ਸਿਖਰਲੀ ਅਦਾਲਤ ਵਿੱਚ ਨਿਯੁਕਤੀ ਤੋਂ ਪਹਿਲਾਂ ਉਹ ਕਰਨਾਟਕ ਹਾਈ ਕੋਰਟ ਵਿੱਚ ਚੀਫ਼ ਜਸਟਿਸ ਸਨ। ਉਸ ਤੋਂ ਪਹਿਲਾਂ ਉਹ ਬੰਬੇ ਹਾਈ ਕੋਰਟ ਵਿੱਚ ਜੱਜ ਵੀ ਰਹੇ। ਉਹ ਬੁਨਿਆਦੀ ਹੱਕਾਂ ਤੇ ਨਾਗਰਿਕ ਆਜ਼ਾਦੀ ਦੀ ਸੁਰੱਖਿਆ ਲਈ ਦਿੱਤੇ ਫੈਸਲਿਆਂ ਨੂੰ ਲੈ ਕੇ ਮਕਬੂਲ ਹਨ। ਉਨ੍ਹਾਂ ਕੋਵਿਡ-19 ਮਹਾਮਾਰੀ ਨਾਲ ਜੁੜੇ ਮੁੱਦਿਆਂ ਸਮੇਤ ਪਰਵਾਸੀ ਕਾਮਿਆਂ ਦੇ ਦੁੱਖ ਤਕਲੀਫਾਂ ਬਾਰੇ ਵੀ ਕਈ ਹੁਕਮ ਪਾਸ ਕੀਤੇ ਹਨ। ਜਸਟਿਸ ਵਿਕਰਮ ਨਾਥ ਨੂੰ 10 ਸਤੰਬਰ 2019 ਨੂੰ ਗੁਜਰਾਤ ਹਾਈ ਕੋਰਟ ਦਾ ਚੀਫ਼ ਜਸਟਿਸ ਨਿਯੁਕਤ ਕੀਤਾ ਗਿਆ ਸੀ। ਉਹ ਸਤੰਬਰ 2004 ਵਿੱਚ ਅਲਾਹਾਬਾਦ ਹਾਈ ਕੋਰਟ ਦੇ ਜੱਜ ਨਿਯੁਕਤ ਹੋਏ ਸਨ। ਜਸਟਿਸ ਸੂਰਿਆ ਕਾਂਤ ਦੀ ਫਰਵਰੀ 2027 ਵਿੱਚ ਸੁਪਰੀਮ ਕੋਰਟ ਦੇ ਜੱਜ ਵਜੋਂ ਸੇਵਾ ਮੁਕਤੀ ਮਗਰੋਂ ਉਹ ਸੀਜੇਆਈ ਦੀ ਕਤਾਰ ਵਿੱਚ ਸ਼ਾਮਲ ਹੋ ਸਕਦੇ ਹਨ। ਜਸਟਿਸ ਜਿਤੇਂਦਰ ਸਿੰਘ ਮਹੇਸ਼ਵਰੀ ਸੁਪਰੀਮ ਕੋਰਟ ਵਿੱਚ ਤਾਇਨਾਤੀ ਤੋਂ ਪਹਿਲਾਂ ਸਿੱਕਮ ਹਾਈ ਕੋਰਟ ਦੇ ਚੀਫ਼ ਜਸਟਿਸ ਸਨ। ਉਹ ਨਵੰਬਰ 2005 ਵਿੱਚ ਮੱਧ ਪ੍ਰਦੇਸ਼ ਹਾਈ ਕੋਰਟ ਦੇ ਜੱਜ ਬਣੇ ਤੇ ਅਕਤੂਬਰ 2019 ਵਿੱਚ ਆਂਧਰਾ ਪ੍ਰਦੇਸ਼ ਹਾਈ ਕੋਰਟ ਦੇ ਚੀਫ਼ ਜਸਟਿਸ ਨਿਯੁਕਤ ਹੋਏ।

ਜਸਟਿਸ ਹਿਮਾ ਕੋਹਲੀ ਨਵੀਂ ਨਿਯੁਕਤੀ ਤੋਂ ਪਹਿਲਾਂ ਤਿਲੰਗਾਨਾ ਹਾਈ ਕੋਰਟ ਦੇ ਚੀਫ਼ ਜਸਟਿਸ ਸਨ। ਉਨ੍ਹਾਂ ਆਪਣੀ ਐੱਲਐੱਲ.ਬੀ. ਦਿੱਲੀ ਯੂਨੀਵਰਸਿਟੀ ਦੇ ਕੈਂਪਸ ਲਾਅ ਸੈਂਟਰ ਤੋਂ ਕੀਤੀ। ਉਹ ਮਈ 2006 ਵਿੱਚ ਦਿੱਲੀ ਹਾਈ ਕੋਰਟ ਦੇ ਵਧੀਕ ਜੱਜ ਨਿਯੁਕਤ ਹੋਏ ਤੇ 29 ਅਗਸਤ 2007 ਨੂੰ ਪੱਕੇ ਜੱਜ ਵਜੋਂ ਹਲਫ਼ ਲਿਆ। ਉਨ੍ਹਾਂ ਤਿਲੰਗਾਨਾ ਤੇ ਦਿੱਲੀ ਦੀਆਂ ਹਾਈ ਕੋਰਟਾਂ ਵਿੱਚ ਲੋਕਾਂ ਨੂੰ ਕੋਵਿਡ-19 ਕਰਕੇ ਦਰਪੇਸ਼ ਮੁਸ਼ਕਲਾਂ ਬਾਰੇ ਕਈ ਫੈਸਲੇ ਸੁਣਾਏ। ਜਸਟਿਸ ਰਵੀਕੁਮਾਰ ਤੇ ਜਸਟਿਸ ਸੁੰਦਰੇਸ਼ ਕ੍ਰਮਵਾਰ ਕੇਰਲਾ ਹਾਈ ਕੋਰਟ ਤੇ ਮਦਰਾਸ ਹਾਈ ਕੋਰਟ ਦੇ ਜੱਜ ਸਨ। ਜਸਟਿਸ ਤ੍ਰਿਵੇਦੀ ਸੁਪਰੀਮ ਕੋਰਟ ਵਿੱਚ ਜੱਜ ਲੱਗਣ ਤੋਂ ਪਹਿਲਾਂ ਗੁਜਰਾਤ ਹਾਈ ਕੋਰਟ ਦੇ ਜੱਜ ਸਨ। ਸਾਬਕਾ ਵਧੀਕ ਸੌਲੀਸਿਟਰ ਜਨਰਲ ਜਸਟਿਸ ਨਰਸਿਮ੍ਹਾ ਵੀ ਸੀਜੇਆਈ ਬਣਨ ਦੀ ਕਤਾਰ ਵਿੱਚ ਰਹਿਣਗੇ। ਉਨ੍ਹਾਂ ਨੂੰ ਜਸਟਿਸ ਨਾਗਰਤਨਾ ਮਗਰੋਂ ਇਹ ਮੌਕਾ ਮਿਲੇਗਾ। ਉਂਜ ਉਨ੍ਹਾਂ ਦਾ ਸੀਜੇਆਈ ਵਜੋਂ ਕਾਰਜਕਾਲ 6 ਮਹੀਨਿਆਂ ਦਾ ਹੀ ਹੋਵੇਗਾ।