ਆਰਡਰ ’ਚ ਦੇਰੀ ਤੋਂ ਨਾਰਾਜ਼ ਡਿਲੀਵਰੀ ਬੁਆਏ ਨੇ ਰੇਸਤਰਾਂ ਮਾਲਕ ਦੇ ਸਿਰ ’ਚ ਗੋਲੀ ਮਾਰੀ

ਚੰਡੀਗੜ੍ਹ

ਸਵਿਗੀ ਦੇ ਡਿਲੀਵਰੀ ਏਜੰਟ ਨੇ ਗ੍ਰੇਟਰ ਨੋਇਡਾ ਵਿੱੱਚ ਖਾਣੇ ਦੇ ਆਰਡਰ ’ਚ ਦੇਰੀ ਹੋਣ ਕਾਰਨ ਰੈਸਟੋਰੈਂਟ ਦੇ ਮਾਲਕ ਦੀ ਕਥਿਤ ਤੌਰ ’ਤੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਪ੍ਰਾਪਤ ਜਾਣਕਾਰੀ ਅਨੁਸਾਰ ਸਵਿਗੀ ਏਜੰਟ ਮੰਗਲਵਾਰ ਦੇਰ ਰਾਤ ਚਿਕਨ ਬਿਰਯਾਨੀ ਅਤੇ ਸਬਜ਼ੀ ਦਾ ਆਰਡਰ ਲੈਣ ਲਈ ਰੈਸਟੋਰੈਂਟ ਪਹੁੰਚਿਆ। ਬਿਰਯਾਨੀ ਸਮੇਂ ‘ਤੇ ਤਿਆਰ ਸੀ ਪਰ ਦੂਜੇ ਆਰਡਰ ਨੂੰ ਹੋਰ ਸਮਾਂ ਲੱਗ ਗਿਆ, ਜਿਸ ਕਾਰਨ ਏਜੰਟ ਦੀ ਰੇਸਤਰਾਂ ਦੇ ਮੁਲਾਜ਼ਮਾਂ ਨਾਲ ਬਹਿਸ ਹੋ ਗਈ। ਬਹਿਸ ਨੂੰ ਖਤਮ ਕਰਨ ਲਈ ਰੇਸਤਰਾਂ ਦਾ ਮਾਲਕ ਵਿੱਚ ਪੈ ਗਿਆ ਤਾਂ ਡਿਲੀਵਰੀ ਏਜੰਟ ਨੇ ਆਪਣੇ ਇਕ ਹੋਰ ਸਾਥੀ ਨਾਲ ਉਸ ਦੇ ਕਥਿਤ ਤੌਰ ’ਤੇ ਗੋਲੀ ਮਾਰ ਦਿੱਤੀ ਜਿਸ ਕਾਰਨ ਸੁਨੀਲ ਅਗਰਵਾਲ ਦੀ ਮੌਕੇ ’ਤੇ ਮੌਤ ਹੋ ਗਈ। ਪੁਲੀਸ ਮੁਲਜ਼ਮਾਂ ਦੀ ਭਾਲ ਕਰ ਰਹੀ ਹੈ।