ਕੋਰੋਨਾ ਕਾਰਨ ਭਾਰਤ ‘ਚ ਫਸੇ ਵਿਦੇਸ਼ੀਆਂ ਦਾ ਵੀਜ਼ਾ ਹੁਣ 30 ਸਤੰਬਰ ਤਕ ਵੈਲਿਡ, ਸਰਕਾਰ ਦਾ ਫੈਸਲਾ

ਨਵੀਂ ਦਿੱਲੀ  : ਸਰਕਾਰ ਨੇ ਕੋਰੋਨਾ ਮਹਾਮਾਰੀ ਕਾਰਨ ਭਾਰਤ ’ਚ ਫਸੇ ਸਾਰੇ ਵਿਦੇਸ਼ੀ ਨਾਗਰਿਕਾਂ ਦੇ ਵੀਜ਼ਾ ਦੀ ਮਿਆਦ ਵੀਰਵਾਰ ਨੂੰ 30 ਸਤੰਬਰ ਤਕ ਵਧਾ ਦਿੱਤੀ। ਇਕ ਅਧਿਕਾਰਕ ਬੁਲਾਰੇ ਨੇ ਦੱਸਿਆ ਕਿ ਮਾਰਚ 2020 ਤੋਂ ਪਹਿਲਾਂ ਵੱਖ-ਵੱਖ ਤਰ੍ਹਾਂ ਦੇ ਵੀਜ਼ਾ ’ਤੇ ਭਾਰਤ ਆਏ ਕਈ ਵਿਦੇਸ਼ੀ ਨਾਗਰਿਕ ਮਹਾਮਾਰੀ ਕਾਰਨ ਹਵਾਈ ਸੇਵਾ ਰੱਦ ਹੋਣ ਦੀ ਵਜ੍ਹਾ ਨਾਲ ਦੇਸ਼ ’ਚ ਫਸ ਗਏ ਸਨ। ਇਸ ਲਈ ਇਹ ਫ਼ੈਸਲਾ ਕੀਤਾ ਗਿਆ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਇਨ੍ਹਾਂ ਵਿਦੇਸ਼ੀ ਨਾਗਰਿਕਾਂ ਲਈ ਨਿਯਮਿਤ ਵੀਜ਼ਾ ਜਾਂ ਈ-ਵੀਜ਼ਾ ਜਾਂ ਠਹਿਰਣ ਦੀ ਮਿਆਦ ’ਚ ਬਿਨਾਂ ਕਿਸੇ ਜੁਰਮਾਨੇ ਦੇ ਮੁਫ਼ਤ ਵਿਸਥਾਰ ਦੇ ਕੇ ਉਨ੍ਹਾਂ ਨੂੰ ਭਾਰਤ ’ਚ ਰਹਿਣ ਦੀ ਸਹੂਲਤ ਪ੍ਰਦਾਨ ਕੀਤੀ ਸੀ। ਕੇਂਦਰ ਸਰਕਾਰ ਨੇ ਇਸ ਦੀ ਮਿਆਦ 30 ਸਤੰਬਰ, 2021 ਤਕ ਵਧਾ ਦਿੱਤੀ ਹੈ। ਅਜਿਹੇ ਵਿਦੇਸ਼ੀ ਨਾਗਰਿਕਾਂ ਨੂੰ 30 ਸਤੰਬਰ, 2021 ਤਕ ਆਪਣੇ ਵੀਜ਼ਾ ਦੇ ਵਿਸਥਾਰ ਲਈ ਕੋਈ ਬਿਨੈ ਦੇਣ ਦੀ ਲੋਡ਼ ਨਹੀਂ ਹੋਵੇਗੀ। ਉਹ ਦੇਸ਼ ਤੋਂ ਬਾਹਰ ਜਾਣ ਤੋਂ ਪਹਿਲਾਂ ਈ-ਐੱਫਆਰਆਰਓ ਪੋਰਟਲ ’ਤੇ ਬਾਹਰ ਜਾਣ ਦੀ ਇਜਾਜ਼ਤ ਲਈ ਆਨਲਾਈਨ ਬਿਨੈ ਕਰ ਸਕਦੇ ਹਨ। ਅਧਿਕਾਰੀ ਬਿਨਾਂ ਕਿਸੇ ਜੁਰਮਾਨੇ ਦੇ ਇਹ ਇਜਾਜ਼ਤ ਦੇਣਗੇ।