ਪਨਬੱਸ ਤੇ ਪੀਆਰਟੀਸੀ ਦੇ ਮੁਲਾਜ਼ਮਾਂ ਨੇ ਖਿੱਚੀ ਸੰਘਰਸ਼ ਦੀ ਤਿਆਰੀ

ਅੰਮਿ੍ਤਸਰ : ਪੰਜਾਬ ਰੋਡਵੇਜ਼ ਪਨਬੱਸ/ਕੰਟਰੈਕਟ ਵਰਕਰਜ਼ ਯੂਨੀਅਨ ਅਤੇ ਪੀਆਰਟੀਸੀ ਪੰਜਾਬ ਦੀ ਸੂਬਾ ਪੱਧਰੀ ਮੀਟਿੰਗ ਪ੍ਰਧਾਨ ਰੇਸ਼ਮ ਸਿੰਘ ਗਿੱਲ ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ਵਿਚ 6 ਸਤੰਬਰ ਦੀ ਰੱਖੀ ਅਣਮਿੱਥੇ ਸਮੇਂ ਦੀ ਹੜਤਾਲ ਦੀ ਤਿਆਰੀ ਸਬੰਧੀ ਸਾਰੇ 18+9 ਡਿਪੂਆਂ ਦੇ ਪ੍ਰਧਾਨ ਸੈਕਟਰੀ ਕੈਸ਼ੀਅਰ ਹਾਜ਼ਰ ਹੋਏ। ਹੜਤਾਲ ਦਾ ਜਾਇਜ਼ਾ ਲੈਣ ਅਤੇ 7 ਸਤੰਬਰ ਤੋ ਮੁੱਖ ਮੰਤਰੀ ਦੀ ਰਿਹਾਇਸ਼ ਅੱਗੇ ਪੱਕੇ ਧਰਨੇ ਸਬੰਧ ਪ੍ਰਬੰਧਾਂ ਦੇ ਸਬੰਧ ਵਿਚ ਕਮੇਟੀਆਂ ਬਣਾਉਣਾ ਦੇ ਨਾਲ-ਨਾਲ ਹੀ ਜੇਕਰ ਮੰਗਾਂ ਦਾ ਹੱਲ ਨਹੀਂ ਨਿਕਲਦਾ ਤਾਂ ਅਗਲੀ ਰਣਨੀਤੀ ਵਿਚ ਪੰਜਾਬ ਦੇ ਨੈਸ਼ਨਲ ਹਾਈਵੇ ਜਾਮ ਕਰਨ ਦੀ ਤਿਆਰੀ ਕੀਤੀ ਗਈ। ਇਸ ਮੀਟਿੰਗ ਵਿਚ ਸੂਬਾ ਆਗੂ ਕਮਲ ਕੁਮਾਰ, ਬਲਵਿੰਦਰ ਸਿੰਘ ਰਾਠ, ਬਲਜੀਤ ਸਿੰਘ ਗਿੱਲ, ਗੁਰਵਿੰਦਰ ਸਿੰਘ ਪੰਨੂੰ, ਹਰਕੇਸ਼ ਵਿੱਕੀ ਨੇ ਸਾਂਝੇ ਤੌਰ ‘ਤੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਟਰਾਂਸਪੋਰਟ ਵਿਭਾਗ ਦੇ ਕੱਚੇ ਮੁਲਾਜ਼ਮਾਂ ਦੀਆਂ ਮੰਗਾਂ ਦਾ ਪਿਛਲੇ ਲੰਮੇ ਸਮੇਂ ਤੋਂ ਹੱਲ ਨਹੀਂ ਕੀਤਾ ਜਾ ਰਿਹਾ। ਇਸ ਸਬੰਧੀ ਯੂਨੀਅਨ ਵਲੋਂ ਵਾਰ-ਵਾਰ ਮੀਟਿੰਗਾਂ, ਧਰਨੇ, ਮੁਜ਼ਾਹਰੇ, ਹੜਤਾਲਾਂ ਕਰਦੇ ਆ ਰਹੇ ਹਨ, ਪਰ ਮਹਿਕਮੇ ਦੇ ਉੱਚ ਅਧਿਕਾਰੀਆਂ ਅਤੇ ਟਰਾਂਸਪੋਰਟ ਮੰਤਰੀ ਪੰਜਾਬ ਵਲੋਂ ਵਾਰ ਵਾਰ ਭਰੋਸੇ ਦਿੱਤੇ ਗਏ।