ਫਰੈਂਚ ਭਾਸ਼ਾ ਦੀ ਬਹਿਸ ਵਿੱਚ ਓਟੂਲ ਨੇ ਖਾਤਾ ਖੋਲ੍ਹਿਆ, ਟਰੂਡੋ ਚੋਣਾਂ ਕਰਵਾਉਣ ਲਈ ਸਫਾਈ ਦਿੰਦੇ ਆਏ ਨਜ਼ਰ

ਕਿਊਬਿਕ ਵਿੱਚ ਵੋਟਾਂ ਜਿੱਤਣ ਦੇ ਇਰਾਦੇ ਨਾਲ ਵੀਰਵਾਰ ਨੂੰ ਹੋਈ ਪਹਿਲੀ ਫਰੈਂਚ ਭਾਸ਼ਾ ਦੀ ਬਹਿਸ ਵਿੱਚ ਦੋਵੇਂ ਮੁੱਖ ਵਿਰੋਧੀ ਨਿੱਤਰੇ।

ਟੀਵੀਏ ਦੀ ਇਸ ਬਹਿਸ ਵਿੱਚ ਪਹਿਲਾ ਸਵਾਲ ਹੀ ਕੋਵਿਡ-19 ਮਹਾਂਮਾਰੀ ਦੇ ਨਾਲ ਸਬੰਧਤ ਪੁੱਛਿਆ ਗਿਆ। ਬਲਾਕ ਕਿਊਬਿਕੁਆ ਦੇ ਆਗੂ ਯਵੇਸ ਫਰੈਂਕੌਇਸ ਬਲਾਂਸ਼ੇ ਨੇ ਲਿਬਰਲ ਆਗੂ ਜਸਟਿਨ ਟਰੂਡੋ ਨੂੰ ਪੁੱਛਿਆ ਕਿ ਅਜਿਹਾ ਕੀ ਕਾਰਨ ਸੀ ਕਿ ਉਨ੍ਹਾਂ ਨੂੰ ਕੋਵਿਡ-19 ਦੀ ਚੌਥੀ ਵੇਵ ਦਰਮਿਆਨ ਚੋਣਾਂ ਦਾ ਸੱਦਾ ਦੇਣਾ ਪਿਆ? ਇਸ ਦੇ ਜਵਾਬ ਵਿੱਚ ਟਰੂਡੋ ਨੇ ਆਖਿਆ ਕਿ ਹੁਣ ਫੈਡਰਲ ਸਰਕਾਰ ਕੋਲ ਵੱਡੇ ਫੈਸਲੇ ਲੈਣ ਦਾ ਸਮਾਂ ਹੈ ਤੇ ਕੈਨੇਡੀਅਨਾਂ ਨੂੰ ਇਸ ਬਾਰੇ ਆਪਣੀ ਰਾਇ ਪ੍ਰਗਟਾਉਣੀ ਚਾਹੀਦੀ ਹੈ।

ਕੰਜ਼ਰਵੇਟਿਵ ਆਗੂ ਐਰਿਨ ਓਟੂਲ ਤੇ ਐਨਡੀਪੀ ਆਗੂ ਜਗਮੀਤ ਸਿੰਘ ਵੀ ਇਸ ਬਹਿਸ ਵਿੱਚ ਹਿੱਸਾ ਲੈ ਰਹੇ ਹਨ। ਪਰ ਗ੍ਰੀਨ ਪਾਰਟੀ ਦੀ ਆਗੂ ਅਨੇਮੀ ਪਾਲ ਤੇ ਪੀਪਲਜ਼ ਪਾਰਟੀ ਦੇ ਆਗੂ ਮੈਕਸਿਮ ਬਰਨੀਅਰ ਨੂੰ ਇਸ ਬਹਿਸ ਵਿੱਚ ਹਿੱਸਾ ਲੈਣ ਦਾ ਸੱਦਾ ਨਹੀਂ ਦਿੱਤਾ ਗਿਆ।ਟੀਵੀਏ ਦੀ ਇਹ ਬਹਿਸ ਕੈਂਪੇਨ ਦੇ ਮੱਧ ਵਿੱਚ ਹੋ ਰਹੀ ਹੈ। ਇਸ ਤਰ੍ਹਾਂ ਦੀ ਫੈਡਰਲ ਚੋਣਾਂ ਸਬੰਧੀ ਬਹਿਸ ਵਿੱਚ ਹਿੱਸਾ ਲੈਣ ਦਾ ਓਟੂਲ ਦਾ ਇਹ ਪਹਿਲਾ ਮੌਕਾ ਹੈ।

ਇਸ ਮੌਕੇ ਮੈਕਗਿਲ ਯੂਨੀਵਰਸਿਟੀ ਦੇ ਪੁਲਿਟੀਕਲ ਸਾਇੰਸ ਪੋ੍ਰਫੈਸਰ ਡੈਨੀਅਲ ਬੀਲੈਂਡ ਨੇ ਆਖਿਆ ਕਿ ਲੋਕ ਬੜੀ ਧਿਆਨ ਨਾਲ ਇਸ ਬਹਿਸ ਨੂੰ ਸੁਣ ਰਹੇ ਹਨ। ਉਨ੍ਹਾਂ ਆਖਿਆ ਕਿ ਸਿਰਫ ਕਿਊਬਿਕ ਵਿੱਚ ਤੇ ਕਿਊਬਿਕ ਤੋਂ ਬਾਹਰ ਰਹਿਣ ਵਾਲੇ ਫਰੈਂਚ ਭਾਸ਼ਾ ਦੇ ਜਾਣੂ ਹੀ ਇਸ ਬਹਿਸ ਨੂੰ ਨਹੀਂ ਵੇਖ ਸੁਣ ਰਹੇ ਸਗੋਂ ਪੱਤਰਕਾਰ ਤੇ ਕੰਮੈਂਟੇਟਰਜ਼ ਵੀ ਇਸ ਨੂੰ ਬੜੇ ਧਿਆਨ ਨਾਲ ਵੇਖ ਰਹੇ ਹਨ। ਉਨ੍ਹਾਂ ਆਖਿਆ ਕਿ ਅਸੀਂ ਸਾਰੇ ਹੀ ਇਹ ਵੇਖ ਰਹੇ ਹਾਂ ਕਿ ਆਪਣੀ ਪਹਿਲੀ ਬਹਿਸ ਵਿੱਚ ਉਹ ਕਿਹੋ ਜਿਹੀ ਕਾਰਗੁਜ਼ਾਰੀ ਵਿਖਾਉਣਗੇ ਕਿਉਂਕਿ ਓਟੂਲ ਦੀ ਇਹ ਮਾਤ ਭਾਸ਼ਾ ਨਹੀਂ ਹੈ।ਇਸ ਲਈ ਲੋਕ ਸਵਾਲਾਂ ਨੂੰ ਹੈਂਡਲ ਕਰਨ ਦੀ ਉਨ੍ਹਾਂ ਦੀ ਸਮਰੱਥਾ ਤੇ ਫਰੈਂਚ ਵਿੱਚ ਬਹਿਸ ਕਰਨ ਦੀ ਕਲਾ ਦਾ ਮੁਲਾਂਕਣ ਕਰਨਗੇ।

ਹਾਲਾਂਕਿ ਟਰੂਡੋ ਨੂੰ ਇਸ ਤਰ੍ਹਾਂ ਦੇ ਮਾਹੌਲ ਦਾ ਵਧੇਰੇ ਤਜਰਬਾ ਹੈ ਪਰ ਸਰਵੇਖਣਾਂ ਵਿੱਚ ਸਾਹਮਣੇ ਆ ਰਿਹਾ ਹੈ ਕਿ ਉਨ੍ਹਾਂ ਦੀ ਪਾਰਟੀ ਦਾ ਆਧਾਰ ਖੁੱਸਦਾ ਜਾ ਰਿਹਾ ਹੈ ਤੇ ਕੰਜ਼ਰਵੇਟਿਵਾਂ ਦੀ ਪਕੜ ਮਜ਼ਬੂਤ ਹੁੰਦੀ ਜਾ ਰਹੀ ਹੈ।ਕਿਊਬਿਕ ਵਿੱਚ ਉਨ੍ਹਾਂ ਦਾ ਸਮਰਥਨ 20 ਸਤੰਬਰ ਨੂੰ ਚੋਣ ਨਤੀਜਿਆਂ ਉੱਤੇ ਵੱਡਾ ਅਸਰ ਪਾਵੇਗਾ।