ਕਿਸਾਨਾਂ ਦੇ ਹੱਕਾਂ ਲਈ ਲੜਨ ਵਾਲਾ ਯੋਧਾ ਲੜ ਰਿਹੈ ਜ਼ਿੰਦਗੀ ਦੀ ਜੰਗ

ਭਾਈਰੂਪਾ

ਆਮ ਲੋਕਾਂ ਦੇ ਹੱਕਾਂ ਲਈ ਲੜਨ ਵਾਲੇ ਕਿਸਾਨ ਆਗੂ ਸੁਖਵਿੰਦਰ ਸਿੰਘ ਬਾਵਾ ਦੀ ਹਾਲਤ ਗੰਭੀਰ ਹੈ। ਉਸ ਦੇ ਲਿਵਰ ਟਰਾਂਸਪਲਾਟ ਲਈ ਡਾਕਟਰਾਂ ਨੇ 25 ਤੋਂ 35 ਲੱਖ ਦਾ ਖਰਚਾ ਦੱਸਿਆ ਹੈ, ਜਿਸ ਨੂੰ ਚੁੱਕਣ ਤੋਂ ਪਰਿਵਾਰ ਅਸਮਰੱਥ ਹੈ। ਉਸ ਦੇ ਬੱਚਿਆਂ ਨੇ ਜਾਗਦੀ ਜ਼ਮੀਰ ਵਾਲੇ ਲੋਕਾਂ ਤੋਂ ਆਪਣੇ ਪਿਤਾ ਦੀ ਜ਼ਿੰਦਗੀ ਬਚਾਉਣ ਲਈ ਮਦਦ ਮੰਗੀ ਹੈ। ਜ਼ਿਕਰਯੋਗ ਹੈ ਕਿ ਜ਼ਿਲ੍ਹਾ ਬਠਿੰਡਾ ਦੇ ਤਹਿਸੀਲ ਰਾਮਪੁਰਾ ਫੁੂਲ ’ਚ ਪੈਂਦੇ ਪਿੰਡ ਫੂੁਲੇਵਾਲਾ ਦਾ ਰਹਿਣ ਵਾਲਾ ਕਿਸਾਨ ਆਗੂ ਸੁਖਵਿੰਦਰ ਸਿੰਘ ਬਾਵਾ ਬੜੇ ਲੰਮੇ ਸਮੇਂ ਤੋਂ ਹੀ ਕਿਸਾਨੀ ਲਹਿਰ ਨਾਲ ਜੁੜਿਆ ਹੋਇਆ ਹੈ। ਉਸ ਨੇ ਆਪਣੀ ਜ਼ਿੰਦਗੀ ਦੇ ਲਗਭਗ 27 ਸਾਲ ਕਿਸਾਨਾਂ ਦੇ ਲੇਖੇ ਲਾਏ ਹਨ। ਉਹ ਵੱਖ-ਵੱਖ ਸਮੇਂ ’ਤੇ ਲੜੇ ਗਏ ਕਿਸਾਨੀ ਘੋਲਾਂ ਦੌਰਾਨ ਤਿੰਨ ਵਾਰ ਜੇਲ੍ਹ ਜਾ ਚੁੱਕਿਆ ਹੈ ਤੇ ਦਰਜਨਾਂ ਵਾਰ ਗ੍ਰਿਫ਼ਤਾਰੀ ਦੇ ਚੁੱਕਿਆ ਹੈ। ਪਿੰਡ ਦੇ ਮੋਹਤਬਰ ਹਰਦੀਪ ਸਿੰਘ ਧਾਲੀਵਾਲ ਨੇ ਦੱਸਿਆ ਕਿ ਸੁਖਵਿੰਦਰ ਸਿੰਘ ਬਾਵਾ ਦੇ ਇਲਾਜ ਲਈ ਪਿੰਡ ਵਾਸੀਆਂ ਨੇ ਇਕੱਠ ਕਰਕੇ ਪਿੰਡ ਵਿੱਚੋਂ ਪਰਿਵਾਰ ਦੀ ਮਦਦ ਕਰਨ ਦਾ ਬੀੜਾ ਚੁੱਕਿਆ ਹੈ ਪਰ ਇਲਾਜ ’ਤੇ ਖਰਚ ਹੋਣ ਵਾਲੀ ਰਕਮ ਬਹੁਤ ਵੱਡੀ ਹੈ। ਇਸ ਲਈ ਦੇਸ਼-ਵਿਦੇਸ਼ ਵਿੱਚ ਵੱਸਦੇ ਸੱੱਜਣਾਂ ਤੋਂ ਮਦਦ ਦੀ ਆਸ ਕਰਦਿਆਂ ਪਿੰਡ ਵਾਸੀਆਂ ਨੇ ਬੈਂਕ ਵਿੱਚ 50100438912110—ਐੱਚਡੀਐੱਫਸੀ 0003156 ਖਾਤਾ ਖੁੱਲ੍ਹਵਾਇਆ ਹੈ, ਜੋ ਇਲਾਜ ਦੀ ਰਕਮ ਇਕੱਠੀ ਹੋਣ ਮਗਰੋਂ ਬੰਦ ਕਰ ਦਿੱਤਾ ਜਾਵੇਗਾ। ਪਿੰਡ ਵਾਸੀਆਂ ਨੇ ਦਾਨੀ ਸੱਜਣਾਂ ਨੂੰ ਪਰਿਵਾਰ ਦੀ ਮਦਦ ਕਰਨ ਦੀ ਅਪੀਲ ਕੀਤੀ ਹੈ।