ਨਵੀਂ ਦਿੱਲੀ,
ਮੁੱਖ ਮੰਤਰੀ ਮਮਤਾ ਬੈਨਰਜੀ ਦਾ ਭਤੀਜਾ ਤੇ ਤ੍ਰਿਣਮੂਲ ਕਾਂਗਰਸ ਦਾ ਸੰਸਦ ਮੈਂਬਰ ਅਭਿਸ਼ੇਕ ਬੈਨਰਜੀ ਅੱਜ ਇਥੇ ਮਨੀ ਲੌਂਡਰਿੰਗ ਕੇਸ ਵਿੱਚ ਐੱਨਫੋਰਸਮੈਂਟ ਡਾਇਰੈਕਟੋਰੇਟ ਅੱਗੇ ਪੇਸ਼ ਹੋਇਆ। ਤਫ਼ਤੀਸ਼ੀ ਅਧਿਕਾਰੀਆਂ ਮੁਤਾਬਕ ਬੈਨਰਜੀ ਨੇ ਅਧਿਕਾਰੀਆਂ ਵੱਲੋਂ ਪੁੱਛੇ ਸਵਾਲਾਂ ਦੇ ਜਵਾਬ ਦਿੱਤੇ। ਅਭਿਸ਼ੇਕ ਸਵੇਰੇ 11 ਵਜੇ ਦੇ ਕਰੀਬ ਕੇਂਦਰੀ ਦਿੱਲੀ ਵਿੱਚ ਜਾਮ ਨਗਰ ਹਾਊਸ ਸਥਿਤ ਕੇਂਦਰੀ ਏਜੰਸੀ ਦੇ ਦਫ਼ਤਰ ਪੁੱਜਾ। ਬੈਨਰਜੀ ਨੇ ਕਿਹਾ, ‘‘ਮੈਂ ਕਿਸੇ ਵੀ ਜਾਂਚ ਲਈ ਤਿਆਰ ਹਾਂ….ਏਜੰਸੀ ਦੇ ਅਧਿਕਾਰੀ ਆਪਣਾ ਕੰਮ ਕਰ ਰਹੇ ਹਨ ਤੇ ਮੈਂ ਉਨ੍ਹਾਂ ਨੂੰ ਪੂਰਾ ਸਹਿਯੋਗ ਦਿਆਂਗਾ।’ ਅਧਿਕਾਰੀਆਂ ਨੇ ਕਿਹਾ ਕਿ ਕੇਸ ਦੇ ਤਫ਼ਤੀਸ਼ੀ ਅਧਿਕਾਰੀ ਵੱਲੋਂ ਮਨੀ ਲੌਡਰਿੰਗ ਰੋਕੂ ਐਕਟ (ਪੀਐੱਮਐੱਲਏ) ਦੀਆਂ ਵਿਵਸਥਾਵਾਂ ਤਹਿਤ ਬੈਨਰਜੀ ਦੇ ਬਿਆਨ ਕਲਮਬੰਦ ਕੀਤੇ ਜਾਣਗੇ। ਅਭਿਸ਼ੇਕ ਲੋਕ ਸਭਾ ਵਿੱਚ ਡਾਇਮੰਡ ਹਾਰਬਰ ਸੀਟ ਦੀ ਨੁਮਾਇੰਦਗੀ ਕਰਦਾ ਹੈ ਤੇ ਉਹ ਟੀਐੱਮਸੀ ਦਾ ਕੌਮੀ ਜਨਰਲ ਸਕੱਤਰ ਵੀ ਹੈ।