ਤਾਲਿਬਾਨ ਦਾ ਪੰਜਸ਼ੀਰ ਦੀ ਰਾਜਧਾਨੀ ’ਚ ਦਾਖ਼ਲ ਹੋਣ ਦਾ ਦਾਅਵਾ

Kabul: Passengers disembark as they arrive from Kandahar, at Hamid Karzai International Airport in Kabul, Afghanistan, Sunday, Sept. 5, 2021. Some domestic flights have resumed at Kabul's airport, with the state-run Ariana Afghan Airline operating flights to three provinces. AP/PTI(AP09_05_2021_000121B)

ਕਾਬੁਲ, 

ਤਾਲਿਬਾਨ ਨੇ ਅੱਜ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੀ ਫ਼ੌਜ ਪੰਜਸ਼ੀਰ ਵਾਦੀ ਦੀ ਰਾਜਧਾਨੀ ਬਜ਼ਰਕ ’ਚ ਦਾਖ਼ਲ ਹੋ ਗਈ ਹੈ। ਤਾਲਿਬਾਨ ਦਾ ਵਿਰੋਧ ਕਰ ਰਹੇ ਨੈਸ਼ਨਲ ਰਜ਼ਿਸਟੈਂਸ ਫਰੰਟ ਆਫ਼ ਅਫ਼ਗਾਨਿਸਤਾਨ (ਐੱਨਆਰਐੱਫਏ) ਨੇ ਇਸ ਦਾਅਵੇ ਬਾਰੇ ਤੁਰੰਤ ਕੋਈ ਪ੍ਰਤੀਕਰਮ ਨਹੀਂ ਦਿੱਤਾ ਹੈ। ਉਂਜ ਬਾਗ਼ੀ ਧੜੇ ਦੇ ਆਗੂ ਅਹਿਮਦ ਮਸੂਦ ਨੇ ਕਿਹਾ ਹੈ ਕਿ ਜੇਕਰ ਤਾਲਿਬਾਨ ਪੰਜਸ਼ੀਰ ਤੋਂ ਵਾਪਸ ਮੁੜ ਜਾਂਦਾ ਹੈ ਤਾਂ ਉਹ ਲੜਾਈ ਰੋਕਣ ਲਈ ਤਿਆਰ ਹਨ। ਇਸ ਮਗਰੋਂ ਉਹ ਉਲੇਮਾ ’ਚ ਵਾਰਤਾ ਬਾਰੇ ਮੁੱਦਾ ਉਠਾਉਣਗੇ। ਤਾਲਿਬਾਨ ਦੇ ਤਰਜਮਾਨ ਬਿਲਾਲ ਕਰੀਮੀ ਨੇ ਟਵਿੱਟਰ ’ਤੇ ਕਿਹਾ ਕਿ ਰਾਜਧਾਨੀ ਬਜ਼ਰਕ ਨੇੜੇ ਪੈਂਦੇ ਰੁਖਾਹ ਦੇ ਪੁਲੀਸ ਹੈੱਡਕੁਆਰਟਰ ਅਤੇ ਜ਼ਿਲ੍ਹਾ ਸੈਂਟਰ ’ਤੇ ਕਬਜ਼ਾ ਕਰ ਲਿਆ ਗਿਆ ਹੈ ਅਤੇ ਵਿਰੋਧੀ ਫ਼ੌਜ ਨੂੰ ਭਾਰੀ ਨੁਕਸਾਨ ਸਹਿਣਾ ਪਿਆ ਹੈ। ਉਸ ਨੇ ਕਿਹਾ ਕਿ ਬਜ਼ਰਕ ’ਚ ਗਹਿਗੱਚ ਲੜਾਈ ਜਾਰੀ ਹੈ। ਇਸ ਤੋਂ ਪਹਿਲਾਂ ਐੱਨਆਰਐੱਫਏ ਦੇ ਤਰਜਮਾਨ ਫਾਹਿਮ ਦਸ਼ਤੀ ਨੇ ਕਿਹਾ ਸੀ ਕਿ ਪੰਜਸ਼ੀਰ ਦੇ ਉੱਤਰ-ਪੂਰਬ ’ਚ ਪੈਂਦੇ ਪਾਰੀਆਂ ਜ਼ਿਲ੍ਹੇ ’ਚ ਇਕ ਹਜ਼ਾਰ ਤਾਲਿਬਾਨ, ਜਿਨ੍ਹਾਂ ’ਚ ਪਾਕਿਸਤਾਨੀ ਅਤੇ ਹੋਰ ਵਿਦੇਸ਼ੀ ਸ਼ਾਮਲ ਹਨ, ਨੂੰ ਫੜ ਲਿਆ ਗਿਆ ਹੈ। ਉਸ ਨੇ ਕਿਹਾ ਸੀ ਕਿ ਕਿਸੇ ਵੀ ਤਰ੍ਹਾਂ ਦੇ ਹਮਲੇ ਦਾ ਰਜ਼ਿਸਟੈਂਸ ਫੋਰਸ ਡਟ ਕੇ ਜਵਾਬ ਦੇਵੇਗੀ। ਸ਼ਨਿਚਰਵਾਰ ਨੂੰ ਇਤਾਲਵੀ ਸਹਾਇਤਾ ਗਰੁੱਪ ਨੇ ਕਿਹਾ ਸੀ ਕਿ ਤਾਲਿਬਾਨ ਲੜਾਕੇ ਪੰਜਸ਼ੀਰ ਵਾਦੀ ਦੇ ਅਨਾਬਾਹ ਜ਼ਿਲ੍ਹੇ ਦੇ ਹਸਪਤਾਲ ’ਚ ਦਾਖ਼ਲ ਹੋ ਗਏ ਹਨ। ਤਾਲਿਬਾਨ ਦੇ ਅਧਿਕਾਰੀਆਂ ਨੇ ਪਹਿਲਾਂ ਦਾਅਵਾ ਕੀਤਾ ਸੀ ਕਿ ਉਨ੍ਹਾਂ ਦੀ ਫ਼ੌਜ ਨੇ ਪੰਜਸ਼ੀਰ ’ਤੇ ਪੂਰੀ ਤਰ੍ਹਾਂ ਕੰਟਰੋਲ ਕਰ ਲਿਆ ਹੈ ਪਰ ਕਈ ਦਿਨਾਂ ਤੋਂ ਉਥੇ ਜੰਗ ਹੋ ਰਹੀ ਹੈ ਜਿਸ ’ਚ ਦੋਵੇਂ ਪਾਸਿਆਂ ਦਾ ਵੱਡਾ ਜਾਨੀ ਨੁਕਸਾਨ ਹੋਇਆ ਹੈ।