ਓਟਵਾ : ਐਤਵਾਰ ਨੂੰ ਫੈਡਰਲ ਆਗੂਆਂ ਨੇ ਹੋਰਨਾਂ ਮੁੱਦਿਆਂ ਸਮੇਤ ਚੀਨ ਵਿੱਚ ਨਜ਼ਰਬੰਦ ਦੋ ਕੈਨੇਡੀਅਨਜ਼ ਦੇ ਸਮਰਥਨ ਵਿੱਚ ਆਪਣੀ ਚੋਣ ਮੁਹਿੰਮ ਚਲਾਈ। ਇਨ੍ਹਾਂ ਦੋਵਾਂ ਕੈਨੇਡੀਅਨਜ਼ ਨੂੰ ਚੀਨ ਵਿੱਚ ਨਜ਼ਰਬੰਦ ਕੀਤਿਆਂ ਨੂੰ 1000 ਦਿਨ ਹੋ ਗਏ ਹਨ।
ਇਸ ਦੌਰਾਨ ਕੰਜ਼ਰਵੇਟਿਵ ਆਗੂ ਐਰਿਨ ਓਟੂਲ ਆਪਣੀ ਪਾਰਟੀ ਦੀ ਗੰਨ ਪਾਲਿਸੀ ਬਾਰੇ ਸਫਾਈ ਦਿੰਦੇ ਨਜ਼ਰ ਆਏ। ਉਨ੍ਹਾਂ ਦੀ ਪਾਰਟੀ ਵੱਲੋਂ ਤਥਾ ਕਥਿਤ ਤੌਰ ਉੱਤੇ ਅਸਾਲਟ ਸਟਾਈਲ ਹਥਿਆਰਾਂ ਤੋਂ ਪਾਬੰਦੀ ਹਟਾਏ ਜਾਣ ਨੂੰ ਲੈ ਕੇ ਲਿਬਰਲ ਪਾਰਟੀ ਵੱਲੋਂ ਉਨ੍ਹਾਂ ਦੀ ਪਾਰਟੀ ਉੱਤੇ ਕਈ ਦਿਨਾਂ ਤੋਂ ਹਮਲੇ ਕੀਤੇ ਜਾ ਰਹੇ ਸਨ।ਗ੍ਰੇਟਰ ਟੋਰਾਂਟੋ ਏਰੀਆ ਵਿੱਚ ਆਪਣੀ ਕੈਂਪੇਨ ਦੌਰਾਨ ਲਿਬਰਲ ਆਗੂ ਜਸਟਿਨ ਟਰੂਡੋ ਵੱਲੋਂ ਇੱਕ ਵਾਰੀ ਫਿਰ ਕੰਜ਼ਰਵੇਟਿਵ ਆਗੂ ਦੀ ਇਸ ਨੀਤੀ ਦੀ ਨੁਕਤਾਚੀਨੀ ਕੀਤੀ ਗਈ। ਇਸ ਤੋਂ ਕਈ ਘੰਟੇ ਬਾਅਦ ਓਟੂਲ ਨੇ ਆਪਣੀ ਸਥਿਤੀ ਨੂੰ ਪਲਟਦਿਆਂ ਆਖਿਆ ਕਿ ਉਹ 2020 ਵਿੱਚ ਲਾਈ ਗਈ ਇਸ ਪਾਬੰਦੀ ਨੂੰ ਜਾਰੀ ਰੱਖਣਗੇ ਤੇ ਜੇ ਉਹ ਸੱਤਾ ਵਿੱਚ ਆਉਂਦੇ ਹਨ ਤਾਂ ਇਸ ਦਾ ਮੁਲਾਂਕਣ ਕਰਵਾਉਣਗੇ।
ਪਰ ਟਰੂਡੋ ਨੇ ਆਪਣੇ ਦਿਨ ਦੀ ਸ਼ੁਰੂਆਤ ਇਹ ਆਖਦਿਆਂ ਹੋਇਆਂ ਕੀਤੀ ਕਿ ਮਾਈਕਲ ਕੋਵਰਿਗ ਤੇ ਮਾਈਕਲ ਸਪੇਵਰ ਦੇ ਰਿਸ਼ਤੇਦਾਰਾਂ ਲਈ ਇਹ ਘੜੀ ਕਾਫੀ ਮੁਸ਼ਕਲ ਹੈ।ਟਰੂਡੋ ਨੇ ਆਖਿਆ ਕਿ ਉਨ੍ਹਾਂ ਵੱਲੋਂ ਦੋਵਾਂ ਵਿਅਕਤੀਆਂ ਦੇ ਪਰਿਵਾਰਾਂ ਨਾਲ ਗੱਲ ਕਰਕੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਗਿਆ ਹੈ ਕਿ ਕੌਮਾਂਤਰੀ ਭਾਈਚਾਰਾ ਤੇ ਕੈਨੇਡੀਅਨਜ਼ ਉਨ੍ਹਾਂ ਦੇ ਨਾਲ ਹਨ। ਟਰੂਡੋ ਨੇ ਇਹ ਵੀ ਆਖਿਆ ਕਿ ਜਦੋਂ ਤੱਕ ਦੋਵਾਂ ਕੈਨੇਡੀਅਨਜ਼ ਨੂੰ ਰਿਹਾਅ ਨਹੀਂ ਕਰ ਦਿੱਤਾ ਜਾਂਦਾ ਉਨ੍ਹਾਂ ਦੀ ਸਰਕਾਰ ਆਰਾਮ ਨਾਲ ਨਹੀਂ ਬੈਠੇਗੀ।
ਇਸ ਦੌਰਾਨ ਐਨਡੀਪੀ ਆਗੂ ਜਗਮੀਤ ਸਿੰਘ ਨੇ ਆਖਿਆ ਕਿ ਉਹ ਸੋਚ ਵੀ ਨਹੀਂ ਸਕਦੇ ਕਿ ਕੋਵਰਿਗ ਤੇ ਸਪੇਵਰ ਉੱਤੇ ਪਿਛਲੇ 1000 ਦਿਨਾਂ ਵਿੱਚ ਕੀ ਬੀਤ ਰਹੀ ਹੋਵੇਗੀ।ਨਾ ਤਾਂ ਉਨ੍ਹਾਂ ਦੇ ਮਨੁੱਖੀ ਅਧਿਕਾਰਾਂ ਦਾ ਹੀ ਖਿਆਲ ਰੱਖਿਆ ਜਾ ਰਿਹਾ ਹੈ ਤੇ ਨਾ ਹੀ ਉਨ੍ਹਾਂ ਦੀ ਮਰਿਆਦਾ ਦੀ ਹੀ ਕੋਈ ਪਰਵਾਹ ਕੀਤੀ ਜਾ ਰਹੀ ਹੈ ਜਿਹੜੀ ਕੈਨੇਡਾ ਦੇ ਕ੍ਰਿਮੀਨਲ ਜਸਟਿਸ ਸਿਸਟਮ ਵਿੱਚ ਲੋਕਾਂ ਨੂੰ ਮੁਹੱਈਆ ਕਰਵਾਈ ਜਾਂਦੀ ਹੈ। ਉਨ੍ਹਾਂ ਆਖਿਆ ਕਿ ਸੱਤਾ ਵਿੱਚ ਆਉਣ ਉੱਤੇ ਉਹ ਦੋਵਾਂ ਕੈਨੇਡੀਅਨਜ਼ ਨੂੰ ਛੁਡਵਾਉਣ ਲਈ ਕੌਮਾਂਤਰੀ ਭਾਈਚਾਰੇ ਨਾਲ ਰਲ ਕੇ ਚੀਨ ਉੱਤੇ ਦਬਾਅ ਪਾਉਣਗੇ।
1000 ਦਿਨਾਂ ਤੋਂ ਚੀਨ ਵਿੱਚ ਨਜ਼ਰਬੰਦ ਕੋਵਰਿਗ ਤੇ ਸਪੇਵਰ ਨੂੰ ਛਡਵਾਉਣ ਲਈ ਫੈਡਰਲ ਆਗੂਆਂ ਨੇ ਕੀਤੇ ਵਾਅਦੇ
