ਗੰਗਟੋਕ
ਸੋਮਵਾਰ ਨੂੰ ਅਧਿਕਾਰੀਆਂ ਨੇ ਦੱਸਿਆ ਕਿ ਭਾਰੀ ਮੀਂਹ ਕਰਕੇ ਢਿੱਗਾਂ ਕਾਰਨ ਕੌਮੀ ਰਾਜਮਾਰਗ-10 ਬੰਦ ਹੋ ਗਿਆ ਹੈ ਤੇ ਸਿੱਕਮ ਦਾ ਭਾਰਤ ਨਾਲੋਂ ਸੰਪਰਕ ਟੁੱਟ ਗਿਆ ਹੈ। ਉਨ੍ਹਾਂ ਦੱਸਿਆ ਕਿ ਸੀਮਾ ਸੜਕ ਸੰਗਠਨ ਦੇ ਜਵਾਨ ਪੱਛਮੀ ਬੰਗਾਲ ਦੇ ਕਾਲਿਮਪੌਂਗ ਦੇ 29 ਮੀਲ ਖੇਤਰ ਵਿੱਚ ਰਾਜਮਾਰਗ ਨੂੰ ਸਾਫ਼ ਕਰਨ ਵਿੱਚ ਲੱਗੇ ਹੋਏ ਹਨ, ਜਿੱਥੇ ਕਿ ਢਿੱਗਾਂ ਡਿੱਗਣ ਕਾਰਨ ਰਸਤਾ ਬੰਦ ਹੋ ਗਿਆ ਸੀ।
ਅਧਿਕਾਰੀਆਂ ਨੇ ਦੱਸਿਆ ਕਿ ਰਾਤ ਵੇਲੇ ਢਿੱਗਾਂ ਡਿੱਗਣ ਕਾਰਨ ਰਾਜ ਮਾਰਗ ਬਿਲਕੁਲ ਬੰਦ ਹੋ ਗਿਆ ਸੀ ਜਿਸ ਕਾਰਨ ਆਵਾਜਾਈ ਠੱਪ ਹੋ ਗਈ ਹੈ। ਉਨ੍ਹਾਂ ਕਿਹਾ ਕਿ ਇੱਕ ਪਾਸੇ ਤੋਂ ਆਵਾਜਾਈ ਬਹਾਲ ਕਰਨ ਲਈ ਅਜੇ ਕੁਝ ਸਮਾਂ ਲੱਗੇਗਾ। ਉਨ੍ਹਾਂ ਦੱਸਿਆ ਕਿ ਫਿਲਹਾਲ ਬਦਲਵੇਂ ਰਸਤੇ ਦਾਰਜੀਲਿੰਗ ਰਾਹੀਂ ਵਾਹਨਾਂ ਨੂੰ ਕੱਢਿਆ ਜਾ ਰਿਹਾ ਹੈ।
ਇਸੇ ਤਰ੍ਹਾਂ ਹਿਮਾਚਲ ਪ੍ਰਦੇਸ਼ ਸਥਿਤ ਸ਼ਿਮਲਾ ਦੇ ਰਾਮਪੁਰ ਕਸਬੇ ਵਿੱਚ ਵੀ ਢਿੱਗਾਂ ਡਿੱਗਣ ਕਾਰਨ ਆਵਾਜਾਈ ਪ੍ਰਭਾਵਿਤ ਹੋ ਗਈ ਹੈ। ਸਥਾਨਕ ਲੋਕਾਂ ਨੂੰ ਅੱਜ ਸ਼ਹਿਰ ਨਾਲ ਸੰਪਰਕ ਬਣਾਉਣ ਵਿੱਚ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਇਨ੍ਹਾਂ ਢਿੱਗਾਂ ਨੂੰ ਹਟਾਉਣ ਵਿੱਚ ਕੁਝ ਸਮਾਂ ਲੱਗ ਸਕਦਾ ਹੈ।