ਵੈਲੈਂਡ : ਸੋਮਵਾਰ ਨੂੰ ਲਿਬਰਲ ਆਗੂ ਜਸਟਿਨ ਟਰੂਡੋ ਦੇ ਕੈਂਪੇਨ ਈਵੈਂਟ ਵਿੱਚ ਸ਼ਾਮਲ ਹੋਣ ਜਾਂਦੇ ਸਮੇਂ ਕੁੱਝ ਵਿਅਕਤੀਆਂ ਵੱਲੋਂ ਉਨ੍ਹਾਂ ਉੱਤੇ ਨਿੱਕੇ ਪੱਥਰ ਸੁੱਟੇ ਗਏ। ਪਰ ਜਸਟਿਨ ਟਰੂਡੋ ਨੇ ਸਾਫ ਕਰ ਦਿੱਤਾ ਹੈ ਕਿ ਉਨ੍ਹਾਂ ਦੀਆਂ ਮਹਾਂਮਾਰੀ ਸਬੰਧੀ ਰਿਕਵਰੀ ਪਾਲੀਸੀਜ਼ ਵੈਕਸੀਨ ਦਾ ਵਿਰੋਧ ਕਰਨ ਵਾਲੀ ਭੀੜ ਦੀਆਂ ਮੰਗਾਂ ਅਨੁਸਾਰ ਨਹੀਂ ਢਲਣ ਵਾਲੀਆਂ।
ਵੈਲੈਂਡ, ਓਨਟਾਰੀਓ ਵਿੱਚ ਸਟੀਲ ਪਲਾਂਟ ਉੱਤੇ ਗੱਲ ਕਰਦਿਆਂ ਟਰੂਡੋ ਨੇ ਆਖਿਆ ਕਿ ਜੇ ਉਹ ਮੁੜ ਸੱਤਾ ਵਿੱਚ ਆਉਂਦੇ ਹਨ ਤਾਂ ਵਰਕਰਜ਼ ਤੇ ਕਾਰੋਬਾਰਾਂ ਲਈ ਮਹਾਂਮਾਰੀ ਸਬੰਧੀ ਮਦਦ ਵਿੱਚ ਹੋਰ ਵਾਧਾ ਕਰਨਗੇ। ਜਿਸ ਸਮੇਂ ਟਰੂਡੋ ਇਸ ਸਟੀਲ ਪਲਾਂਟ ਦੇ ਅੰਦਰ ਵਰਕਰਜ਼ ਨਾਲ ਮੁਲਾਕਾਤ ਕਰ ਰਹੇ ਸਨ ਉਸ ਸਮੇਂ ਕੁੱਝ ਦਰਜਨ ਭਰ ਲੋਕਾਂ ਦੀ ਭੀੜ ਪਲਾਂਟ ਦੇ ਗੇਟ ਦੇ ਬਾਹਰ ਇੱਕਠੀ ਹੋ ਗਈ ਤੇ ਕੋਵਿਡ-19 ਵੈਕਸੀਨਜ਼ ਤੇ ਮਹਾਂਮਾਰੀ ਸਬੰਧੀ ਟਰੂਡੋ ਵੱਲੋਂ ਅਪਣਾਏ ਗਏ ਮਾਪਦੰਡਾਂ ਖਿਲਾਫ ਆਪਣਾ ਗੁੱਸਾ ਜ਼ਾਹਿਰ ਕਰਨ ਲੱਗੀ।
ਇਸ ਤੋਂ ਇੱਕ ਰਾਤ ਪਹਿਲਾਂ ਵੀ ਨਿਊਮਾਰਕਿਟ, ਓਨਟਾਰੀਓ ਵਿੱਚ ਵੀ ਲਿਬਰਲ ਆਗੂ, ਵਾਲੰਟੀਅਰਜ਼ ਤੇ ਸਮਰਥਕਾਂ ਉੱਤੇ ਕੁੱਝ ਲੋਕਾਂ ਨੇ ਭੱਦੀਆਂ ਟਿੱਪਣੀਆਂ ਕੀਤੀਆਂ ਸਨ।ਪਰ ਟਰੂਡੋ ਨੇ ਆਖਿਆ ਕਿ ਦੇਸ਼ ਵਿੱਚ ਕੁੱਝ ਲੋਕ ਅਜਿਹੇ ਹਨ ਜਿਹੜੇ ਗੁੱਸਾ ਹਨ, ਜਿਹੜੇ ਸਾਇੰਸ ਵਿੱਚ ਯਕੀਨ ਨਹੀਂ ਕਰਦੇ ਤੇ ਫਿਰ ਜਿਹੜੇ ਨਸਲੀ ਹਮਲੇ ਕਰਦੇ ਹਨ।ਪਰ ਬਹੁਗਿਣਤੀ ਕੈਨੇਡੀਅਨਜ਼ ਦੀ ਨੁਮਾਇੰਦਗੀ ਅਜਿਹੇ ਲੋਕ ਨਹੀਂ ਕਰਦੇ। ਉਨ੍ਹਾਂ ਆਖਿਆ ਕਿ ਉਹ ਅਜਿਹੇ ਲੋਕਾਂ ਨੂੰ ਮੁਜ਼ਾਹਰਾਕਾਰੀ ਵੀ ਨਹੀਂ ਆਖ ਸਕਦੇ। ਇਹ ਲੋਕ ਵੈਕਸੀਨ ਵਿਰੋਧੀ ਭੀੜ ਤੋਂ ਇਲਾਵਾ ਕੁੱਝ ਨਹੀਂ।
ਮੁਜ਼ਾਹਰਾਕਾਰੀਆਂ ਨੇ ਟਰੂਡੋ ਉੱਤੇ ਸੁੱਟੇ ਨਿੱਕੇ ਪੱਥਰ
