ਜਾਰੀ ਰਹੇਗੀ ਪੀਆਰਟੀਸੀ, ਰੋਡਵੇਜ਼ ਤੇ ਪਨਬੱਸ ਮੁਲਾਜ਼ਮਾਂ ਦੀ ਹੜਤਾਲ: ਸਰਕਾਰ ਨਾਲ ਗੱਲਬਾਤ ਬੇਸਿੱਟਾ

ਮਾਨਸਾ

ਪੰਜਾਬ ਸਰਕਾਰ ਤੋਂ ਆਪਣੀਆਂ ਮੰਗਾਂ ਮਨਾਉਣ ਲਈ ਅੜੇ ਬੱਸ ਕਰਮਚਾਰੀਆਂ ਨੇ ਅੱਜ ਲਗਾਤਾਰ ਤੀਜੇ ਦਿਨ ਵੀ ਰਾਜ ਭਰ ਵਿੱਚ ਬੱਸਾਂ ਬੰਦ ਰੱਖਣ ਦਾ ਆਪਣਾ ਫੈਸਲਾ ਕਾਇਮ ਰੱਖਿਆ ਹੈ। ਉਧਰ ਪੰਜਾਬ ਸਰਕਾਰ ਵੱਲੋਂ ਹੜਤਾਲੀ ਮੁਲਾਜ਼ਮਾਂ ਨੂੰ ਗੱਲਬਾਤ ਲਈ ਦਿੱਤੇ ਸੱਦੇ ਤਹਿਤ ਅੱਜ ‌ਚੰਡੀਗੜ੍ਹ ਵਿਖੇ ਮੁੱਖ ਮੰਤਰੀ ਦੇ ਦਫ਼ਤਰ ਸਿਵਲ ਸਕੱਤਰੇਤ ਵਿੱਚ ਮੀਟਿੰਗ ਬੇਸਿੱਟਾ ਰਹੀ।ਜਥੇਬੰਦੀ ਦੇ ਆਗੂ ਕਮਲ ਕੁਮਾਰ ਨੇ ਦੱਸਿਆ ਕਿ ਹੁਣ ਯੂਨੀਅਨ ਨਵੇਂ ਸਿਰੇ ਤੋਂ ਚੰਡੀਗੜ੍ਹ ਵਿਖੇ ਆਪਣੀ ਮੀਟਿੰਗ ਕਰਕੇ ਛੇਤੀ ਹੀ ਅਗਲੇ ਸੰਘਰਸ਼ ਦਾ ਐਲਾਨ ਕਰੇਗੀ ਅਤੇ ਪੰਜਾਬ ਭਰ ਵਿੱਚ ਬੱਸਾਂ ਦੀ ਚੱਲ ਰਹੀ ਅਣਮਿੱਥੇ ਸਮੇਂ ਦੀ ਹੜਤਾਲ ਪਹਿਲਾਂ ਦੀ ਤਰ੍ਹਾਂ ਜਾਰੀ ਰਹੇਗੀ। ਉਨ੍ਹਾਂ ਦੱਸਿਆ ਕਿ ਮੀਟਿੰਗ ਦੌਰਾਨ ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਸੁਰੇਸ਼ ਕੁਮਾਰ ਮੌਜੂਦ ਸਨ ਅਤੇ ਪੀਆਰਟੀਸੀ ਅਤੇ ਪੰਜਾਬ ਰੋਡਵੇਜ਼ ਦੇ ਅਧਿਕਾਰੀ ਵੀ ਹਾਜ਼ਰ ਸਨ। ਉਨ੍ਹਾਂ ਕਿਹਾ ਕਿ ਮੀਟਿੰਗ ਦੌਰਾਨ ਨਾ ਨਵੀਆਂ ਬੱਸਾਂ ਪਾਉਣ, ਨਾ ਹੀ ਰੈਗੂਲਰ ਕਰਨ ਅਤੇ ਨਾ ਹੀ ਤਨਖਾਹ ਵਧਾਉਣ ਦਾ ਕੋਈ ਭਰੋਸਾ ਦਿੱਤਾ, ਸਗੋਂ ਐਕਟ ਬਣਾਕੇ ਮਸਲੇ ਹੱਲ ਕਰਨ ਦੀ ਗੱਲ ਕਹੀ ਗਈ, ਜੋ ਬਿਲਕੁਲ ਮਨਜ਼ੂਰ ਨਹੀਂ ਹੈ।